ਖੇਤਰੀ ਪ੍ਰਤੀਨਿਧ
ਪਟਿਆਲਾ, 19 ਜੁਲਾਈ
ਪਟਿਆਲਾ ਨਗਰ ਨਿਗਮ ਪੰਜਾਬ ਦੀ ਪਹਿਲੀ ਨਿਗਮ ਹੈ, ਜਿਸ ਨੇ ਵੈਂਡਰ ਨੀਤੀ ਅਪਣਾ ਕੇ ਕਰੋੜਾਂ ਰੁਪਏ ਦੀ ਨਵੀਂ ਰੇਹੜੀ ਮਾਰਕੀਟ ਸ਼ਹਿਰ ਦੇ ਬਾਹਰਵਾਰ ਅਬਲੋਵਾਲ ’ਚ ਸਥਾਪਿਤ ਕਰ ਕੇ 500 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਸ਼ਹਿਰ ਦੇ 4 ਹਜ਼ਾਰ ਤੋਂ ਵੱਧ ਵੈਂਡਰਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਬਾਰੇ ਜਾਗਰੂਕ ਕਰਨ ਲਈ ਸੋਮਵਾਰ ਨੂੰ ਨਗਰ ਨਿਗਮ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ।
ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ, ਜੀਆਈਐੱਮਈਆਰ ਚੰਡੀਗੜ੍ਹ ਦੇ ਸਹਿਯੋਗ ਨਾਲ ਸੰਯੁਕਤ ਕਮਿਸ਼ਨਰ ਨਮਨ ਮੜਕਣ ਦੀ ਪ੍ਰਧਾਨਗੀ ਹੇਠ 14ਵਾਂ ਸਿਖਲਾਈ ਕੈਂਪ ਲਗਾਇਆ ਗਿਆ। 52 ਵੈਂਡਰਾਂ ਨੇ ਭਾਗ ਲਿਆ।
ਸੰਯੁਕਤ ਕਮਿਸ਼ਨਰ ਨਮਨ ਮੜਕਣ ਨੇ ਦੱਸਿਆ ਕਿ ਲੋਕਲ ਬਾਡੀਜ਼ ਵਿਭਾਗ ਵੱਲੋਂ ਉਕਤ ਸਿਖਲਾਈ ਕੈਂਪ ਇਸ ਸਾਲ 28 ਜੂਨ ਤੋਂ ਸ਼ੁਰੂ ਕੀਤਾ ਗਿਆ ਸੀ। ਵੈਂਡਰਾਂ ਲਈ ਕੁੱਲ 30 ਕੈਂਪ ਲਗਾਏ ਜਾਣੇ ਹਨ ਅਤੇ ਨਿਗਮ ਵੱਲੋਂ ਸੋਮਵਾਰ ਨੂੰ 14ਵਾਂ ਸਿਖਲਾਈ ਕੈਂਪ ਲਗਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਪੀ.ਜੀ.ਆਈ ਦੀ ਟੀਮ ਵੱਲੋਂ ਸਟ੍ਰੀਟ ਵੈਂਡਰਜ਼ ਨੂੰ ਉਨ੍ਹਾਂ ਦੇ ਅਧਿਕਾਰ, ਜ਼ਿੰਮੇਵਾਰੀਆਂ, ਵਿਸ਼ੇਸ਼ ਨੀਤੀਆਂ, ਸਟ੍ਰੀਟ ਵੈਂਡਰ ਪਾਲਿਸੀ, ਫੂਡ ਸਕਿਉਰਿਟੀ, ਸੈਨੀਟੇਸ਼ਨ ਹੈਂਡਲਿੰਗ ਅਤੇ ਗਿੱਲੇ-ਸੁੱਕੇ ਕੂੜੇ ਨੂੰ ਵੱਖ ਕਰਨ ਸਬੰਧੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਜੁਆਇੰਟ ਕਮਿਸ਼ਨਰ ਨਮਨ ਮਦਕਨ ਤੋਂ ਇਲਾਵਾ ਲੈਂਡ ਬ੍ਰਾਂਚ ਦੇ ਇੰਚਾਰਜ ਸੁਪਰਡੈਂਟ ਵਿਸ਼ਾਲ ਸਿਆਲ, ਇੰਸਪੈਕਟਰ ਮਨੀਸ਼ ਪੁਰੀ, ਪ੍ਰਿੰਸ ਪ੍ਰਧਾਨ, ਸਟਰੀਟ ਵੈਂਡਰ ਇੰਚਾਰਜ ਅਸ਼ੋਕ ਕੁਮਾਰ, ਫੀਲਡ ਕਲਰਕ ਹਰਪ੍ਰੀਤ ਸਿੰਘ ਤੇ ਰਾਹੁਲ ਆਦਿ ਹਾਜ਼ਰ ਸਨ।