ਜੈਸਮੀਨ ਭਾਰਦਵਾਜ
ਨਾਭਾ, 8 ਜੁਲਾਈ
‘ਇੱਥੋਂ ਦੀ ਲਗਪਗ 98 ਸਾਲ ਪੁਰਾਣੀ ਉੱਚ ਸੁਰੱਖਿਆ ਜੇਲ੍ਹ ਨੂੰ 25 ਕਰੋੜ ਰੁਪਏ ਖ਼ਰਚ ਕਰਕੇ ਇਸਦਾ ਪੁਨਰ ਨਿਰਮਾਣ ਅਤੇ ਨਵੀਨੀਕਰਨ ਕਰਵਾਇਆ ਜਾਵੇਗਾ।’ ਇਹ ਗੱਲ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਹੀ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਜੇਲ੍ਹ ’ਚ 40 ਸੈਲ ਤੇ ਬੈਰਕਾਂ ਹਨ ਅਤੇ ਇੱਥੇ 450 ਦੇ ਕਰੀਬ ਬੰਦੀਆਂ ਨੂੰ ਰੱਖਿਆ ਜਾ ਸਕਦਾ ਹੈ ਪਰ ਹੁਣ ਪੁਰਾਣੀਆਂ ਬੈਰਕਾਂ ਦੀ ਥਾਂ 60 ਹੋਰ ਨਵੇਂ ਸੈਲ ਬਣਾਏ ਜਾਣ ਦੀ ਤਜਵੀਜ਼ ਹੈ, ਜਿਸ ਨਾਲ ਇੱਥੇ 250 ਦੇ ਕਰੀਬ ਖ਼ਤਰਨਾਕ ਕਿਸਮ ਦੇ ਅਪਰਾਧੀਆਂ ਤੇ ਬੰਦੀਆਂ ਨੂੰ ਹੀ ਇੱਥੇ ਰੱਖਿਆ ਜਾਵੇਗਾ।
ਸ੍ਰੀ ਰੰਧਾਵਾ ਨੇ ਅੱਜ ਇੱਥੇ ਇਸ ਵਿਰਾਸਤੀ ਜੇਲ੍ਹ ਦਾ ਦੌਰਾ ਕਰਨ ਮੌਕੇ ਕਿਹਾ ਕਿ 2023 ’ਚ ਇਸ ਜੇਲ੍ਹ ਦੀ ਸਥਾਪਤੀ ਦੇ 100 ਵਰ੍ਹੇ ਪੂਰੇ ਹੋਣ ਜਾ ਰਹੇ ਹਨ ਜਿਸ ਲਈ ਇਸ ਦੀ ਪੁਰਾਤਨ ਦਿੱਖ ਨੂੰ ਬਹਾਲ ਰੱਖਦਿਆਂ ਇਸ ਨੂੰ ਇੱਕ ਨਵਾਂ ਰੂਪ ਦਿੱਤੇ ਜਾਣ ਦੀ ਤਜਵੀਜ਼ ਉਲੀਕੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਇਸ ਜੇਲ੍ਹ ਨੂੰ ਇੱਥੋਂ ਤਬਦੀਲ ਕੀਤੇ ਜਾਣ ਦੀ ਤਜਵੀਜ਼ ਸੀ, ਜਿਸ ਉਪਰ ਲਗਪਗ 110 ਕਰੋੜ ਰੁਪਏ ਖ਼ਰਚ ਆਉਣੇ ਸਨ ਪ੍ਰੰਤੂ ਸਰਕਾਰ ਨੇ 85 ਕਰੋੜ ਰੁਪਏ ਦੀ ਬਚਤ ਕਰਦਿਆਂ, ਇਸੇ ਪੁਰਾਣੀ ਜੇਲ੍ਹ ਦੇ ਹੀ ਪੁਨਰ ਨਿਰਮਾਣ ਤੇ ਇਸਦੇ ਨਵੀਨੀਕਰਨ ਦੀ ਤਜਵੀਜ਼ ‘ਤੇ ਅਮਲ ਕਰਨਾ ਸ਼ੁਰੂ ਕੀਤਾ ਹੈ।
ਜੇਲ੍ਹ ਮੰਤਰੀ ਨੇ ਹੋਰ ਦੱਸਿਆ ਕਿ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਇਸ ਜੇਲ੍ਹ ‘ਚ ਨਵਾਂ ਪ੍ਰਬੰਧਕੀ ਬਲਾਕ, ਗੁਰਦੁਆਰਾ ਸਾਹਿਬ ਦੇ ਨੇੜੇ ਬਣੀ ਰਸੋਈ ਤੇ ਹਸਪਤਾਲ ਨੂੰ ਢਾਹ ਕੇ ਨਵਾਂ ਹਸਪਤਾਲ, ਕੰਟੀਨ, ਚੱਕਰ ਹੌਲਦਾਰ ਦਾ ਨਵਾਂ ਦਫ਼ਤਰ, ਬੈਰਕਾਂ ਦੀ ਜਗ੍ਹਾ ਮੌਜੂਦਾ 40 ਸੈਲਾਂ ਦੇ ਨਾਲ ਹੋਰ 60 ਨਵੇਂ ਸੈਲ, ਨਵੇਂ ਵਾਚ ਟਾਵਰ, ਰਿਹਾਇਸ਼ੀ ਮਕਾਨਾਂ ਦੀ ਮੁਰੰਮਤ ਆਦਿ ਦੇ ਕੰਮ ਨੂੰ ਅਗਲੇ 2 ਸਾਲਾਂ ‘ਚ ਮੁਕੰਮਲ ਕਰਵਾਇਆ ਜਵੇਗਾ।