ਜੈਸਮੀਨ ਭਾਰਦਵਾਜ
ਨਾਭਾ, 23 ਸਤੰਬਰ
ਨਾਭਾ ਨਗਰ ਕੌਂਸਲ ਵੱਲੋਂ ਅੱਜ ਤਤਕਾਲੀ ਮੀਟਿੰਗ ਬੁਲਾ ਕੇ ਕਾਰਜਸਾਧਕ ਅਫਸਰ ਪਰਮਿੰਦਰ ਸਿੰਘ ਖ਼ਿਲਾਫ਼ ਮਤਾ ਪਾਇਆ ਗਿਆ ਅਤੇ ਉਸ ਦੀ ਬਦਲੀ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ। ਇਸ ਪ੍ਰਕਿਰਿਆ ’ਚ ਸਾਰੀਆਂ ਪਾਰਟੀਆਂ ਨਾਲ ਸਬੰਧਤ ਕੌਂਸਲਰ ਇੱਕਜੁੱਟ ਨਜ਼ਰ ਆਏ।
ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਦੱਸਿਆ ਕਿ ਈਓ ਪਰਮਿੰਦਰ ਸਿੰਘ ਦਾ ਕੌਂਸਲਰਾਂ ਅਤੇ ਲੋਕਾਂ ਨਾਲ ਵਿਹਾਰ ਰੁੱਖਾ ਹੈ। ਲੋਕਾਂ ਨੂੰ ‘ਇਤਰਾਜ਼ ਨਹੀਂ’ ਸਰਟੀਫਿਕੇਟ ਹਾਸਲ ਕਰਨ ’ਚ ਕਾਫੀ ਦਿੱਕਤਾਂ ਆ ਰਹੀਆਂ ਹਨ ਕਿਉਂਕਿ ਈਓ ਵੱਲੋਂ ਐੱਨਓਸੀ ’ਤੇ ਦਸਤਖਤ ਨਹੀਂ ਕੀਤੇ ਜਾਂਦੇ ਅਤੇ ਬੇਤੁਕੇ ਇਤਰਾਜ਼ ਲਗਾ ਕੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ (ਕਾਂਗਰਸੀ) ਤੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ (ਅਕਾਲੀ ਦਲ) ਵੀ ਆਪਣੀ ਪਾਰਟੀ ਦੇ ਕੌਂਸਲਰਾਂ ਸਮੇਤ ਸ਼ਾਮਲ ਰਹੇ ਅਤੇ ਈਓ ਖ਼ਿਲਾਫ਼ ਮਤਾ ਪਾਸ ਕਰ ਕੇ ਸਰਕਾਰ ਨੂੰ ਭੇਜਿਆ ਗਿਆ। ਹਾਲਾਂਕਿ ਈਓ ਪਰਮਿੰਦਰ ਸਿੰਘ ਨੇ ਇਸ ਮਾਮਲੇ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਪਟਿਆਲਾ ਅਰਬਨ ਵਿਕਾਸ ਏਡੀਸੀ ਪੂਜਾ ਗਰੇਵਾਲ ਨੇ ਕਿਹਾ ਕਿ ਇਸ ਅਫਸਰ ਦਾ ਟਰੈਕ ਰਿਕਾਰਡ ਤਾਂ ਕਾਫੀ ਚੰਗਾ ਹੈ ਤੇ ਉਨ੍ਹਾਂ ਖ਼ਿਲਾਫ਼ ਦੁਰਵਿਹਾਰ ਦੀ ਸ਼ਿਕਾਇਤ ਕਦੇ ਸਾਹਮਣੇ ਨਹੀਂ ਆਈ।
ਉਨ੍ਹਾਂ ਕਿਹਾ ਕਿ ਮਤੇ ਵਿੱਚ ਐੱਨਓਸੀ ਜਾਰੀ ਕਰਨ ਨੂੰ ਲੈ ਕੇ ਜ਼ਰੂਰ ਸਵਾਲ ਚੁੱਕੇ ਗਏ ਹਨ ਪਰ ਉਸ ਵਿੱਚ ਸਰਕਾਰੀ ਨਿਰਦੇਸ਼ਾਂ ਦੀ ਕੋਈ ਉਲੰਘਣਾ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਮਤਾ ਚੰਡੀਗੜ੍ਹ ਮੁੱਖ ਦਫਤਰ ਭੇਜਿਆ ਜਾਵੇਗਾ ਤੇ ਇਸ ਸਬੰਧੀ ਮਿਲਣ ਵਾਲੇ ਨਿਰਦੇਸ਼ਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਐੱਨਓਸੀ ਸਬੰਧੀ ਉਨ੍ਹਾਂ ਕਿਹਾ ਕਿ 1995 ਤੋਂ ਪਹਿਲਾਂ ਦੀ ਕਿਸੇ ਉਸਾਰੀ ਦੀ ਖਰੀਦੋ ਫਰੋਖਤ ਲਈ ਐੱਨਓਸੀ ਦੀ ਜ਼ਰੂਰਤ ਨਹੀਂ ਤੇ 1995 ਤੋਂ ਬਾਅਦ ਵੀ ਕੇਵਲ ਗੈਰ ਪ੍ਰਵਾਨਿਤ ਕਾਲੋਨੀਆਂ ਦੀ ਪ੍ਰਾਪਰਟੀ ਬਾਬਤ ਹੀ ਐੱਨਓਸੀ ਦੀ ਜ਼ਰੂਰਤ ਹੈ।