ਜੈਸਮੀਨ ਭਾਰਦਵਾਜ
ਨਾਭਾ, 4 ਦਸੰਬਰ
ਨੇੜਲੇ ਪਿੰਡ ਚੱਠੇ ਵਿੱਚ ਪਿਛਲੇ ਦਿਨੀਂ ਹੋਈ ਡਕੈਤੀ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 17 ਤਰੀਕ ਨੂੰ ਚਾਰ ਨਕਾਬਪੋਸ਼ ਵਿਅਕਤੀਆਂ ਵੱਲੋਂ ਇਕ ਬਜ਼ੁਰਗ ਜੋੜੇ ਦੇ ਘਰ ਜਬਰੀ ਦਾਖ਼ਲ ਹੋ ਕੇ ਬਜ਼ੁਰਗ ਮਹਿਲਾ ਦੇ ਸਿਰ ’ਤੇ ਪਿਸਤੌਲ ਰੱਖ ਕੇ ਕਰੀਬ ਦੋ ਲੱਖ ਰੁਪਏ ਅਤੇ 25 ਤੋਲੇ ਸੋਨੇ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲੀਸ ਮੁਤਾਬਕ ਇਸ ਡਕੈਤੀ ਦਾ ਮੁੱਖ ਮੁਲਜ਼ਮ ਇਕ ਪੁੱਛੇ ਦੇਣ ਵਾਲਾ ਬਾਬਾ ਹੈ ਜਿਸ ਦਾ ਘਰ ਵਿੱਚ ਕਾਫੀ ਆਉਣਾ-ਜਾਣਾ ਰਹਿੰਦਾ ਸੀ, ਜੋ ਕਿ ਫਿਲਹਾਲ ਫ਼ਰਾਰ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜਸਪਾਲ ਸਿੰਘ ਵਾਸੀ ਪਿੰਡ ਧੰਗੇੜਾ, ਪਰਮਵੀਰ ਸਿੰਘ ਉਰਫ ਚੰਦਨ ਵਾਸੀ ਖੇੜੀ ਜੱਟਾਂ ਅਤੇ ਹਰਮਨਜੋਤ ਸਿੰਘ ਵਾਸੀ ਧੂਰੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਨਾਭਾ ਦੇ ਥਾਣਾ ਸਦਰ ਦੇ ਮੁੱਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਪੇਸ਼ੇ ਤੋਂ ਡਰਾਈਵਰ ਹੈ ਅਤੇ ਉਸ ਦਾ ਬਾਬੇ ਨਾਲ ਪੀੜਤਾਂ ਦੇ ਘਰ ਵਿੱਚ ਕਾਫੀ ਆਉਣਾ-ਜਾਣਾ ਰਹਿੰਦਾ ਸੀ ਅਤੇ ਇਨ੍ਹਾਂ ਦੋਹਾਂ ਨੇ ਘਰ ’ਚੋਂ ਸਾਰੀ ਜਾਣਕਾਰੀ ਇਕੱਤਰ ਕੀਤੀ। ਪਰਮਵੀਰ ਸਿੰਘ ਭਲਵਾਨੀ ਕਰਦਾ ਹੈ ਅਤੇ ਹਰਮਨਜੋਤ ਸਿੰਘ ਵੀ ਇਕ ਡਰਾਈਵਰ ਹੈ ਜੋ ਕਿ ਅੱਜਕੱਲ੍ਹ ਵਿਹਲੇ ਹਨ। ਬਾਬਾ ਵੀ ਧੂਰੀ ਦਾ ਹੀ ਵਸਨੀਕ ਦੱਸਿਆ ਜਾਂਦਾ ਹੈ।