ਪੱਤਰ ਪ੍ਰੇਰਕ
ਪਟਿਆਲਾ, 23 ਫਰਵਰੀ
ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸ੍ਰੀ ਪ੍ਰਾਣ ਸਭਰਵਾਲ ਤੇ ਸ੍ਰੀਮਤੀ ਸੁਨੀਤਾ ਸਭਰਵਾਲ ਡਾਇਰੈਕਟਰ ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਨੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ 2 ਨਾਟਕ ਮੇਲੇ ਕਰਵਾਏ ਗਏ। ਪਦਮਸ੍ਰੀ ਡਾ. ਖੁਸ਼ਦੇਵਾ ਸਿੰਘ ਕੁਸ਼ਟ ਨਿਵਾਰਨ ਕਲੋਨੀ ਵਿੱਚ ਮੁੱਖ ਮਹਿਮਾਨ ਰੰਗਕਰਮੀ-ਕਵਿੱਤਰੀ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਉਦਘਾਟਨ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਦੀ ਸੰਭਾਲ ਲਈ ਪੰਜਾਬੀ ਰੰਗਮੰਚ ਵਿਕਾਸ ਜ਼ਰੂਰੀ ਹੈ। ਪ੍ਰੋਗਰਾਮ ‘ਪੰਜਾਬੀ ਹਾਸ ਰਾਗ ਰੰਗ’ ਵਿੱਚ ਪੇਸ਼ ਪਾਂਧੀ ਨਨਕਾਨਵੀਂ ਵੱਲੋਂ ਲਿਖਿਤ ਨਾਟਕ ‘ਲੱਖੀ ਸ਼ਾਹ ਵਣਜਾਰਾ’ ਅਤੇ ਹੋਰ ਚਰਿੱਤਰ ਉਸਾਰੂ ਨਾਟਕਾਂ, ਸਭਿਆਚਾਰਕ ਗੀਤ-ਸੰਗੀਤ ਨਿਰਤ ਪ੍ਰੋਗਰਾਮ ਵਿੱਚ ਸ਼ਾਮਲ ਕਲਾਕਾਰਾਂ ਨੇ ਵਾਹ-ਵਾਹ ਖੱਟੀ। ਇਸ ਤੋਂ ਪਹਿਲਾਂ ਨਾਟਕ ਮੇਲੇ ਦਾ ਆਯੋਜਨ ਪਿੰਡ ਚੌਰਾ ਵਿੱਚ ਸਥਿਤ ਸਾਈ ਬਿਰਧ ਆਸ਼ਰਮ ਵਿੱਚ ਪ੍ਰਤਿਭਾ ਸ਼ਰਮਾ ਆਸ਼ਰਮ ਸੈਕਟਰੀ ਦੀ ਦੇਖ ਰੇਖ ਹੇਠ ਸਫਲਤਾ ਪੂਰਵਕ ਪੇਸ਼ ਕੀਤਾ ਗਿਆ। ਨਿਰਦੇਸ਼ਕ ਪ੍ਰਾਣ ਸਭਰਵਾਲ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਡਾ. ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਦੀ ਮਹਾਨ ਪ੍ਰੇਰਣਾ ਹੈ। ਨਟਾਸ ਪ੍ਰਧਾਨ ਗੁਰਬਚਨ ਸਿੰਘ ਕੱਕੜ ਨੇ ਸਹਿਯੋਗੀ ਸ਼ਖ਼ਸੀਅਤਾਂ ਰੰਗਕਰਮੀ ਕੇਵਲ ਧਾਲੀਵਾਲ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ, ਕਰਨਲ ਕਰਮਿੰਦਰ ਸਿੰਘ, ਓਪੀ ਗਰਗ ਅਤੇ ਡਾ. ਕਰਮਜੀਤ ਕੌਰ ਦਾ ਧੰਨਵਾਦ ਕੀਤਾ।