ਪੱਤਰ ਪ੍ਰੇਰਕ
ਪਟਿਆਲਾ, 3 ਮਾਰਚ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਦੀ ਨਿਰਦੇਸ਼ਕ ਜੋੜੀ ਸੁਨੀਤਾ ਸੱਭਰਵਾਲ-ਪ੍ਰਾਣ ਸੱਭਰਵਾਲ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਦੇ ਸਹਿਯੋਗ ਨਾਲ ਜਾਰੀ 10 ਦਿਵਸੀ ਜਾਗਰੂਕਤਾ ਥੀਏਟਰ ਮੁਹਿੰਮ ਦੇ ਆਖਰੀ ਦਿਨ ‘ਲੱਖੀ ਸ਼ਾਹ ਵਣਜਾਰਾ’ ਨਾਟਕ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਕੌਮਾਂਤਰੀ ਮਾਮਲਿਆਂ ਦੇ ਸਕਾਲਰ ਡਾ. ਸਵਰਾਜ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਮਹਾਨ ਕੁਰਬਾਨੀ, ਦਲੇਰੀ ਅਤੇ ਨਿਸਵਾਰਥ ਸੇਵਾ ਭਾਵਨਾ ਨੂੰ ਰੰਗਮੰਚ ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਫੈਲਾਉਣ। ਅੱਜ ਥੀਏਟਰ ਮੁਹਿੰਮ ਦਾ ਸਰਕਾਰੀ ਹਾਈ ਸਕੂਲ ਥੇੜੀ ਵਿੱਚ ਸਮਾਪਨ ਸਮਾਗਮ ਹੋਇਆ। ਪ੍ਰਾਣ ਸੱਭਰਵਾਲ ਨੇ ਦੱਸਿਆ ਕਿ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਸ ਮੁਹਿੰਮ ਤਹਿਤ ਪਾਂਧੀ ਨਨਕਾਨਵੀ ਲਿਖਤ ਪੰਜਾਬੀ ਨਾਟਕ ‘ਲਖੀ ਸ਼ਾਹ ਵਣਜਾਰਾ’ ਅਤੇ ਸੱਭਿਆਚਾਰਕ ਪ੍ਰੋਗਰਾਮ ਪਟਿਆਲਾ ਦੀਆਂ ਸੰਸਥਾਵਾਂ ਅਤੇ ਸਕੂਲਾਂ ਵਿੱਚ ਪੇਸ਼ ਕੀਤੇ ਗਈ। ਇਸ ਮੌਕੇ ਗੋਪਾਲ ਸ਼ਰਮਾ, ਅੰਜੂ ਸੈਣੀ, ਰਾਜਸ਼੍ਰੀ, ਮਨੀਸ਼ਾ, ਗੁਰਪਰਗਟ ਸਿੰਘ, ਗਾਇਕ ਮਨਜੀਤ ਸਿੰਘ, ਰੋਬਿਨ ਸਿੰਘ, ਬਲਵਿੰਦਰ ਸਿੰਘ, ਟੈਕਨੀਕਲ ਅਤੇ ਪ੍ਰਬੰਧੀ ਟੀਮ ਸ਼ਾਮਲ ਸੀ।