ਖੇਤਰੀ ਪ੍ਰਤੀਨਿਧ
ਪਟਿਆਲਾ, 17 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵੱਲੋਂ ਕਰਵਾਈ ਜਾ ਰਹੀ ਸੱਤ ਰੋਜ਼ਾ ਕੌਮੀ ਵਰਕਸ਼ਾਪ ਦੀ ਸ਼ੁਰੂਆਤ ਹੋ ਗਈ ਹੈ। ਇਸ ਵਰਕਸ਼ਾਪ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਆਏ ਲਗਭਗ 40 ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਭਾਗ ਲਿਆ ਹੈ। ਵੱਖ-ਵੱਖ ਸਾਫ਼ਟਵੇਅਰਾਂ ਲਈ ਵਰਤੇ ਜਾਂਦੇ ਓਪਨ ਸਰੋਤ ‘ਆਰ ਅਤੇ ਆਰ-ਸਟੂਡੀਓ’ ਦੇ ਹਵਾਲੇ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤਾ ਗਿਆ। ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫੈਸਰ ਅਤੇ ਮੁਖੀ ਡਾ. ਨਵਜੋਤ ਕੌਰ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਅਕਾਦਮਿਕ ਅਤੇ ਖੋਜ ਭਾਈਚਾਰੇ ਕੋਲ ਮੁਫਤ ਅਤੇ ਖੁੱਲ੍ਹੇ ਸਾਫਟਵੇਅਰ ਪਲੇਟਫਾਰਮਾਂ ਤੋਂ ਬਹੁਤ ਸਾਰੀਆਂ ਚੋਣਾਂ ਉਪਲਬਧ ਹਨ। ਅਕਾਦਮਿਕ ਭਾਈਚਾਰੇ ਵਿੱਚ ਇਨ੍ਹਾਂ ਵੱਖ-ਵੱਖ ਓਪਨ-ਸੋਰਸ ਪਲੇਟਫਾਰਮਾਂ ਬਾਰੇ ਸਿਰਫ ਜਾਗਰੂਕਤਾ ਅਤੇ ਸਿੱਖਣ ਦੀ ਘਾਟ ਹੈ। ਪ੍ਰੋ. ਅਰਵਿੰਦ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਕੋਆਰਡੀਨੇਟਰ ਡਾ. ਸੰਦੀਪ ਵਿਰਦੀ, ਡਾ. ਪ੍ਰਨੀਤ ਕੌਰ ਅਤੇ ਡਾ. ਸ਼ਵੀਨਾ ਗੋਇਲ ਨੂੰ ਇਸ ਵਰਕਸ਼ਾਪ ਦੇ ਆਯੋਜਨ ਲਈ ਵਧਾਈ ਦਿੱਤੀ।