ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਨਵੰਬਰ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਭਾਵੇਂ ਪੀਆਰਟੀਸੀ ਬਹੁਤ ਮੰਦੀ ’ਚੋਂ ਲੰਘੀ ਹੈ ਪਰ ‘ਆਪ’ ਸਰਕਾਰ ਬਣਨ ਉਪਰੰਤ ਪੀਆਰਟੀਸੀ ਤਰੱਕੀ ਦੀਆਂ ਰਾਹਾਂ ’ਤੇ ਹੈ। ਜਲਦ ਹੀ ਪੀਆਰਟੀਸੀ ਦੇ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਮਗਰੋਂ ਸ਼ਹਿਰਾਂ ਅਤੇ ਪਿੰਡਾਂ ਦੇ ਬੰਦ ਪਏ ਅਤੇ ਲੋੜ ਅਨੁਸਾਰ ਹੋਰ ਨਵੇਂ ਰੂਟ ਵੀ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਪੁਰਾਣੀ ਵਰਕਸ਼ਾਪ ਨੂੰ ਵੀ ਨਵੇਂ ਬੱਸ ਅੱਡੇ ਵਿੱਚ ਤਬਦੀਲ ਕਰਨ ਦੇ ਨਾਲ ਨਾਲ ਅਪਗ੍ਰੇਡ ਕੀਤਾ ਜਾਵੇਗਾ। ਰਣਜੋਧ ਸਿੰਘ ਹਡਾਣਾ ਅੱਜ ਪਟਿਆਲਾ ਡਿੱਪੂ ਵੱਲੋਂ ਸਾਲਾਨਾ 32ਵੇਂ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਸਮੇਤ ਐੱਮਡੀ ਵਿਕਰਮਜੀਤ ਸਿੰਘ ਸ਼ੇਰਗਿੱਲ ਤੇ ਵਧੀਕ ਐੱਮਡੀ ਨਵਦੀਪ ਗਰਗ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਮਹਿਕਮੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।
ਇਸ ਮੌਕੇ ਜਨਰਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ, ਐੱਮਪੀ ਸਿੰਘ ਅਤੇ ਅਕਾਊਂਟ ਅਫਸਰ ਨਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।