ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਕਤੂਬਰ
ਪਿਛਲੇ ਕਈ ਸਾਲਾਂ ਤੋਂ ਪਟਿਆਲਾ ’ਚ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਤਾਇਨਾਤ ਸਮੁੱਚੀ ਪੁਲੀਸ ਫੋਰਸ (ਸਕਿਓਰਿਟੀ) ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਇੰਸਪੈਕਟਰ ਬਲਜੀਤ ਸਿੰਘ ਭੱਟੀ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਡੀਐੱਸਪੀ ਬਣਾ ਦਿੱਤਾ ਗਿਆ ਹੈ। ਇਸ ਤਹਿਤ ਬਲਜੀਤ ਸਿੰਘ ਭੱਟੀ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਏਡੀਜੀਪੀ (ਐਡਮਿਨ) ਗੌਰਵ ਯਾਦਵ ਨੇ ਡੀਐੱਸਪੀ ਵਜੋਂ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ ਪੁਲੀਸ ਲਾਈਨ ਪਟਿਆਲਾ ਵਿੱਚ ਤਾਇਨਾਤ ਇੰਸਪੈਕਟਰ ਗੁਰਿੰਦਰ ਸਿੰਘ ਬੱਲ, ਲਿਟੀਗੇਸ਼ਨ ਇੰਚਾਰਜ ਸੰਜੀਵ ਸਾਗਰ ਨੂੰ ਡੀਐੱਸਪੀ ਬਣਾਇਆ ਗਿਆ ਹੈ। ਸਾਗਰ ਦੇ ਡੀਐੱਸਪੀ ਬਣਨ ਨਾਲ਼ ਖਾਲੀ ਹੋਈ ਲਿਟੀਗੇਸ਼ਨ ਇੰਚਾਰਜ ਦੀ ਜ਼ਿੰਮੇਵਾਰੀ ਹੁਣ ਇੰਸਪੈਕਟਰ ਰਾਹੁਲ ਕੌਸ਼ਲ ਨੂੰ ਸੌਂਪੀ ਗਈ ਹੈ, ਜੋ ਪਹਿਲਾਂ ਥਾਣਾ ਕੋਤਵਾਲੀ ਪਟਿਆਲਾ ਦੇ ਇੰਚਾਰਜ ਸਨ। ਉਧਰ, ਰਾਹੁਲ ਕੌਸ਼ਲ ਦੀ ਥਾਂ ਹੁਣ ਇੰਸਪੈਕਟਰ ਗੁਰਪ੍ਰਤਾਪ ਸਿੰਘ ਢਿੱਲੋਂ ਨੂੰ ਥਾਣਾ ਕੋਤਵਾਲੀ ਦਾ ਮੁਖੀ ਤਾਇਨਾਤ ਕੀਤਾ ਗਿਆ ਹੈ। ਸਪੋਰਟਸ ਕੋਟੇ ਵਿਚੋਂ ਨਵੀਂ ਭਰਤੀ ਹੋਈ ਡੀਐੱਸਪੀ ਮਨਪ੍ਰੀਤ ਕੌਰ ਨੂੰ ਗੁਰਪ੍ਰਤਾਪ ਢਿੱਲੋਂ ਦੀ ਥਾਂ ਥਾਣਾ ਲਾਹੌਰੀ ਗੇਟ ਪਟਿਆਲਾ ਦਾ ਐੱਸਐੱਚਓ ਤਾਇਨਾਤ ਕੀਤਾ ਗਿਆ ਹੈ।