ਪਟਿਆਲਾ: ਨਵਾਂ ਸਾਲ ਚੜ੍ਹਨ ’ਤੇ ਪਟਿਆਲਾ ਜ਼ਿਲ੍ਹੇ ’ਚ ਕਰੋਨਾ ਮਹਾਂਮਾਰੀ ਤੇਜ਼ੀ ਨਾਲ ਫੈਲਣ ਲੱਗੀ ਹੈ ਤੇ ਸਿਹਤ ਵਿਭਾਗ ਨੂੰ ਖਦਸ਼ਾ ਹੈ ਕਿ ਤੇਜ਼ੀ ਨਾਲ ਫੈਲ ਰਿਹਾ ਨਵਾਂ ਆਇਆ ਓਮੀਕਰੋਨ ਵਾਇਰਸ ਹੀ ਹੈ। ਕਿਉਂਕਿ ਤੇਜ਼ੀ ਨਾਲ ਫੈਲਣਾ ਵੀ ਇਸ ਨਵੇਂ ਵਾਇਰਸ ਦਾ ਇੱਕ ਪ੍ਰਮੁੱਖ ਲੱਛਣ ਹੈ। ਇਸੇ ਕੜੀ ਵਜੋਂ ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਤੇ ਕਿਸੇ ਵੀ ਮਹਾਂਮਾਰੀ ਤੇ ਇਸ ਦੀ ਰੋਕਥਾਮ ਦੇ ਮਾਹਰ ਡਾ. ਸੁਮੀਤ ਸਿੰਘ ਦਾ ਮੰਨਣਾ ਹੈ ਕਿ ਇਨ੍ਹੀ ਦਿਨੀਂ ਤੇਜ਼ੀ ਨਾਲ ਫੈਲ ਰਹੇ ਕਰੋਨਾ ਦੇ ਓਮੀਕਰੋਨ’ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਿਉਂਕਿ ਤੇਜ਼ੀ ਨਾਲ ਫੈਲਾਅ ਹੀ ਇਸ ਵਾਇਰਸ ਦਾ ਸਭ ਤੋਂ ਮਹੱਤਵਪੂਰਣ ਤੇ ਪ੍ਰਮੁੱਖ ਲੱਛਣ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੇ ਘੱਗਾ ਵਾਸੀ ਜੋੜੇ ਦੀ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਉਸ ਦਾ ਓਮੀਕਰੋਨ ਦਾ ਟੈਸਟ ਕਰਵਾਇਆ ਗਿਆ ਸੀ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ’ਚ ਨਵੇਂ ਸਾਲ ਦੇ ਲੰਘੇ ਛੇ ਦਿਨਾਂ ’ਚ ਪਾਜ਼ੇਟਿਵ ਆਏ 1500 ਤੋਂ ਵੱਧ ਨਾਗਰਿਕਾਂ ਦਾ ਵੀ ਜੇ ਓਮੀਕਰੋਨ ਸਬੰਧੀ ਵੀ ਟੈਸਟ ਕਰਵਾਇਆ ਜਾਵੇ, ਤਾਂ ਪਾਜ਼ੇਟਿਵ ਆਏ ਇਨ੍ਹਾਂ ਪੰਦਰਾਂ ਸੌ ਦੇ ਕਰੀਬ ਮਰੀਜ਼ਾਂ ਵਿੱਚੋਂ ਬਹੁਗਿਣਤੀ ਨਾਗਰਿਕ ‘ਓਮੀਕਰੋਨ’ ਤੋਂ ਪੀੜਤ ਪਾਏ ਜਾ ਸਕਦੇ ਹਨ।