ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜਨਵਰੀ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਤ੍ਰਿਪੜੀ ਅੰਦਰ ਨਵੀਂ ਬਣੀਆਂ ਸੜਕਾਂ ਦੇ ਘਪਲੇ ਨੂੰ ਉਜਾਗਰ ਕਰਦਿਆਂ ਥਾਂ-ਥਾਂ ਤੋਂ ਟੁੱਟੀਆਂ ਸੜਕਾਂ ਨੂੰ ਵਿਖਾਇਆ ਤੇ ਸਰਕਾਰ ਦੇ ਖੋਖਲੇ ਵਿਕਾਸ ਦੀ ਪੋਲ ਖੋਲ੍ਹੀ। ਇਸ ਤੋਂ ਇਲਾਵਾ ਬਿੱਟੂ ਚੱਠਾ ਨੇ ਅੱਜ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਜਸਪਾਲ ਬਿੱਟੂ ਚੱਠਾ ਨੇ ਕਿਹਾ ਕਿ ਸਿਰਫ਼ ਦੋ ਦਿਨਾਂ ਦੀ ਬਰਸਾਤ ਨਾਲ ਹੀ ਇਨ੍ਹਾਂ ਨਵੀਆਂ ਬਣੀਆਂ ਸੜਕਾਂ ਦਾ ਇੰਨਾ ਮਾੜਾ ਹਾਲ ਹੈ, ਜਿਸਤੋਂ ਸਾਫ਼ ਹੁੰਦੀ ਹੈ ਕਿ ਪੱਕਾ ਇਨ੍ਹਾਂ ਸੜਕਾਂ ਨੂੰ ਬਣਾਉਣ ਵਿੱਚ ਵੱਡਾ ਘਪਲਾ ਕੀਤਾ ਗਿਆ ਹੈ ਤਾਂ ਹੀ ਇਹ ਸੜਕਾਂ ਦੋ ਦਿਨਾਂ ਦੀ ਬਰਸਾਤ ਦੇ ਨਾਲ ਹੀ ਰੁੜ੍ਹ ਗਈਆਂ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਸਹੂਲਤਾਂ ਦੀ ਥਾਂ ’ਤੇ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ, ਜਿਸ ਲਈ ਸਿੱਧੇ ਤੌਰ ’ਤੇ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਕਈ ਇਲਾਕਿਆਂ ਦਾ ਦੌਰਾ ਕੀਤਾ ਗਿਆ, ਜਿਸ ਵਿੱਚ 90 ਫ਼ੀਸਦੀ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੋਈ ਪਈ ਹੈ। ਲੋਕ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ ਤੇ ਅਕਾਲੀ ਦਲ ਬਸਪਾ ਨੂੰ ਆਪਣੇ ਦੁੱਖੜੇ ਸੁਣਾ ਰਹੇ ਹਨ। ਬਿੱਟੂ ਚੱਠਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਸਪਾ ਦੀ ਜਿੱਤ ਤੋਂ ਬਾਅਦ ਸਾਰੀਆਂ ਸੜਕਾਂ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਪਾਲ ਸਿੰਘ ਸੋਢੀ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬੱਬੂ, ਉਂਕਾਰ ਸਿੰਘ, ਦਵਿੰਦਰ ਸਿੰਘ ਟੋਕੇਵਾਲਾ, ਰਾਜਿੰਦਰ ਸਿੰਘ ਵਿਰਕ, ਗੈਰਾ ਪਲਾਈਆਂ ਵਾਲਾ, ਮਨਪ੍ਰੀਤ ਸਿੰਘ ਅਨੰਦ ਨਗਰ, ਤਰਲੋਚਨ ਸਿੰਘ ਬਾਗ਼ੀ, ਲਛਮਣ ਸਿੰਘ, ਕੰਵਲਜੀਤ ਸਿੰਘ ਰਾਜੂ ਆਦਿ ਹਾਜ਼ਰ ਸਨ।