ਸੁਭਾਸ਼ ਚੰਦਰ
ਸਮਾਣਾ, 9 ਜੂਨ
ਪਤੀ-ਪਤਨੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ ਰੁਪਏ ਠੱਗਣ ਦੇ ਮਾਮਲੇ ’ਚ ਇਮੀਗ੍ਰੇਸ਼ਨ ਫਰਮ ਦੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ’ਚ ਅਜਮੇਰ ਸਿੰਘ ਵਾਸੀ ਪਿੰਡ ਚੀਚੜਵਾਲਾ (ਪਾਤੜਾਂ) ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਖੋਖਰ ਹਾਲ ਆਬਾਦ ਸੰਗਰੂਰ ਸ਼ਾਮਲ ਹਨ। ਸਦਰ ਪੁਲੀਸ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਹਰਿੰਦਰ ਪਾਲ ਸਿੰਘ ਵਾਸੀ ਪਿੰਡ ਮਵੀਕਲਾਂ ਵੱਲੋਂ ਉੱਚ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਵਿਆਹ ਉਪਰੰਤ ਉਹ ਆਪਣੀ ਪਤਨੀ ਨਾਲ ਆਸਟਰੇਲੀਆ ਜਾਣਾ ਚਾਹੁੰਦਾ ਸੀ। ਮੂਨਕ ਦੀ ਇੱਕ ਇਮੀਗ੍ਰੇਸ਼ਨ ਫਰਮ ਦੇ ਅਜਮੇਰ ਸਿੰਘ ਅਤੇ ਗੁਰਵਿੰਦਰ ਸਿੰਘ ਨਾਲ ਉਨ੍ਹਾਂ ਦਾ ਸੰਪਰਕ ਹੋਇਆ। ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਆਸਟਰੇਲੀਆ ਭੇਜਣ ਲਈ 18 ਲੱਖ ਰੁਪਏ ’ਚ ਸੌਦਾ ਤੈਅ ਕਰ ਕੇ ਨਕਦੀ ਅਤੇ ਬੈਂਕ ਰਾਹੀ 9 ਲੱਖ ਰੁਪਏ ਲੈ ਲਏ। ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਇਮੀਗਰੇਸ਼ਨ ਫਰਮ ਵੱਲੋਂ ਨਾਂ ਤਾ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ। ਅਧਿਕਾਰੀ ਅਨੁਸਾਰ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਉਪਰੰਤ ਦਿੱਤੇ ਗਏ ਹੁਕਮਾਂ ’ਤੇ ਸਦਰ ਪੁਲੀਸ ਸਮਾਣਾ ਨੇ ਇਮੀਗਰੇਸ਼ਨ ਫਰਮ ਦੇ ਦੋਵੇਂ ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਤੋਂ 4.40 ਲੱਖ ਰੁਪਏ ਠੱਗਣ ਦੇ ਮਾਮਲੇ ਵਿੱਚ ਦੋ ਨਾਮਜ਼ਦ
ਸਮਾਣਾ (ਪੱਤਰ ਪ੍ਰੇਰਕ): ਕੰਬਾਈਨ ਵੇਚਣ ਦਾ ਝਾਂਸਾ ਦੇ ਕੇ ਇੱਕ ਕਿਸਾਨ ਤੋਂ 4 ਲੱਖ 40 ਹਜ਼ਾਰ ਰੁਪਏ ਠੱਗੀ ਮਾਰਨ ਦੇ ਇਕ ਮਾਮਲੇ ’ਚ ਸਦਰ ਪੁਲੀਸ ਨੇ ਫਾਈਨਾਂਸ ਕੰਪਨੀ ਦੇ ਮੁਖੀ ਅਤੇ ਮੁਨਸ਼ੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਕੰਪਨੀ ਦਾ ਮਾਲਕ ਬਲਜਿੰਦਰ ਸਿੰਘ ਵਾਸੀ ਪਿੰਡ ਬੰਮਣਾ ਅਤੇ ਲਵਲੀ ਵਾਸੀ ਪਿੰਡ ਖੱਤਰੀ ਵਾਲਾ ਸ਼ਾਮਲ ਹਨ। ਸਦਰ ਪੁਲੀਸ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਵਾਸੀ ਪਿੰਡ ਸਲੇਮਪੁਰ ਸੇਖਾਂ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਹ ਇੱਕ ਕੰਬਾਈਨ ਖਰੀਦਣ ਲਈ ਸਮਾਣਾ-ਭਵਾਨੀਗੜ੍ਹ ਸੜਕ ’ਤੇ ਸਥਿਤ ਪਿੰਡ ਬੰਮਣਾ ਵਿੱਚ ਫਾਈਨਾਂਸ ਕੰਪਨੀ ਦੇ ਮਾਲਕ ਬਲਜਿੰਦਰ ਸਿੰਘ ਕੋਲ ਗਿਆ ਸੀ ਜਿੱਥੇ ਉਨ੍ਹਾਂ ਦੇ ਮੁਨਸ਼ੀ ਨੇ ਕਰਨਾਟਕਾ ਵਿੱਚ ਵਿਕਰੀ ਲਈ ਖੜ੍ਹੀ ਕੀਤੀ ਕੰਬਾਈਨ ਦੀ ਤਸਵੀਰ ਦਿਖਾ ਕੇ ਉਸ ਨਾਲ 11.25 ਲੱਖ ਰੁਪਏ ਦਾ ਸੌਦਾ ਤੈਅ ਕਰ ਲਿਆ। ਸੌਦਾ ਕਰਕੇ 4 ਲਖ 40 ਹਜ਼ਾਰ ਰੁਪਏ ਉਸ ਤੋਂ ਲੈ ਲਏ। ਕੰਬਾਈਨ ਲਿਆਉਣ ਲਈ ਉਸ ਦੇ ਨਾਲ ਆਪਣਾ ਫੋਰਮੈਨ ਅਤੇ ਡਰਾਈਵਰ ਵੀ ਕਰਨਾਟਕ ਭੇਜ ਦਿੱਤਾ, ਪਰ ਉਥੇ ਕੋਈ ਕੰਬਾਈਨ ਨਹੀਂ ਸੀ। ਉੱਥੇ ਜਾਣ ਕਾਰਨ ਉਸ ਦਾ ਇਕ ਲੱਖ ਰੁਪਏ ਹੋਰ ਵੀ ਖਰਚ ਹੋ ਗਿਆ। ਮੁਲਜ਼ਮਾਂ ਨੇ ਨਾ ਤਾਂ ਉਸ ਤੋਂ ਪਹਿਲਾਂ ਵਸੂਲੀ ਰਕਮ ਵਾਪਸ ਕੀਤੀ ਅਤੇ ਨਾਂ ਹੀ ਉਸ ਨੂੰ ਕੰਬਾਈਨ ਦਿੱਤੀ। ਉਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਸਦਰ ਪੁਲੀਸ ਸਮਾਣਾ ਨੇ ਮੁਲਜ਼ਮਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।