ਰਵੇਲ ਸਿੰਘ ਭਿੰਡਰ
ਪਟਿਆਲਾ, 22 ਜਨਵਰੀ
ਪੰਜਾਬੀ ਯੂਨੀਵਰਸਿਟੀ ਕਰਮਚਾਰੀ ਸੰਘ (ਨਾਨ-ਟੀਚਿੰਗ) ਵੱਲੋਂ ਆਰੰਭਿਆ ਸੰਘਰਸ਼ ਅੱਜ ਦੋਫਾੜ ਹੋ ਗਿਆ ਹੈ। ਸੰਘਰਸ਼ ਵਿਚਲੇ ਕੁਝ ਸਰਗਰਮ ਆਗੂਆਂ ਨੇ ਅੱਜ ਕੈਂਪਸ ਵਿਚਲੇ ਦਫ਼ਤਰ ਖੁੱਲਣ ‘ਤੇ ਜੋਰ ਦਿੱਤਾ ਜਦੋਂਕਿ ਜਥੇਬੰਦੀ ਦੇ ਅਧਿਕਾਰਤ ਆਗੂ ਦਫ਼ਤਰੀ ਸੇਵਾਵਾਂ ਠੱਪ ਰੱਖਣ ’ਤੇ ਅੜੇ ਰਹੇ। ਸਵੇਰੇ ਦਫ਼ਤਰ ਖੁੱਲਣ ਵੇਲੇ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਇੱਕ ਵਾਰ ਮੁਲਾਜਮ ਧਿਰਾਂ ’ਚ ਮਾਹੌਲ ਅਣਸੁਖਾਵਾ ਬਣ ਗਿਆ। ਇਸ ਮਗਰੋਂ ਜਥੇਬੰਦੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਰਜਿਸਟਰਾਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਛਾਂਟੀ ਕੀਤੇ ਮੁਲਾਜ਼ਮਾਂ ਦੀ ਬਹਾਲੀ ਤੇ ਹੋਰ ਮੰਗਾਂ ਲਈ ਸੰਘਰਸ਼ ਨੂੰ ਭਖਾਈ ਰੱਖਣ ਦਾ ਫੈਸਲਾ ਲਿਆ ਗਿਆ।
ਸੰਘਰਸ਼ ਨਾਲ ਜੁੜੇ ਕੁਝ ਸੀਨੀਅਰ ਆਗੂਆਂ ਵੱਲੋਂ ਲੰਘੀ ਸ਼ਾਮ ਚੰਡੀਗੜ੍ਹ ’ਚ ਕਾਰਜਕਾਰੀ ਵਾਈਸ ਚਾਂਸਲਰ ਡਾ. ਰਵਨੀਤ ਕੌਰ ਨਾਲ ਬੈਠਕ ਮਗਰੋਂ ਸੰਘਰਸ਼ ਨੂੰ ਕਥਿਤ ਮੁਲਤਵੀ ਕਰਨ ਦਾ ਫੈਸਲਾ ਲੈ ਲਿਆ ਸੀ। ਇਸ ਫੈਸਲੇ ’ਤੇ ਮੁੱਖ ਗੇਟ ’ਤੇ ਦਫ਼ਤਰੀ ਲੋਕਾਂ ਨੂੰ ਅੰਦਰ ਜਾਣ ਲਈ ਹੋਕਾ ਦਿੱਤਾ। ਜਿਸ ਦਾ ਮੇਜ਼ਬਾਨ ਧਿਰ ਕਰਮਚਾਰੀ ਸੰਘ (ਨਾਨ-ਟੀਚਿੰਗ) ਨੇ ਵਿਰੋਧ ਕੀਤਾ। ਅਜਿਹੇ ’ਚ ਦੋਵੇਂ ਧਿਰਾਂ ਇੱਕ ਦੂਜੇ ਦੇ ਵਿਰੋਧ ’ਚ ਮੁਲਾਜ਼ਮਾਂ ਨੂੰ ਉਕਸਾਉਂਦੇ ਰਹੇ। ਜਥਬੰਦੀ ਦੇ ਆਗੂ ਮੁੱਖ ਗੇਟ ’ਤੇ ਦਫ਼ਤਰੀ ਸੇਵਾਵਾਂ ਠੱਪ ਰੱਖਣ ’ਤੇ ਜ਼ੋਰ ਦਿੰਦੇ ਰਹੇ ਤੇ ਬਾਗੀ ਧਿਰਾਂ ਦੇ ਆਗੂ ਜਿਨ੍ਹਾਂ ’ਚ ਏ ਕਲਾਸ ਨਾਨ ਟੀਚਿਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਵੀ ਸ਼ਾਮਲ ਸਨ, ਵੱਲੋਂ ਮੁਲਾਜ਼ਮਾਂ ਨੂੰ ਹੜਤਾਲ ਛੱਡਕੇ ਦਫ਼ਤਰੀ ਕੰਮ ਕਰਨ ਦਾ ਹੋਕਾ ਦਿੱਤਾ ਗਿਆ। ਇਸ ਕਸ਼ਮਕਸ਼ ’ਚ ਦੋਫਾੜ ਦੋਵੇਂ ਸੰਘਰਸ਼ੀ ਧਿਰਾਂ ’ਚ ਮਾਹੌਲ ਅਣਸੁਖਾਵਾਂ ਵੀ ਬਣਿਆ। ਜਾਰੀ ਬਿਆਨ ’ਚ ਬੀ.ਤੇ ਸੀ.ਕਲਾਸ ਨਾਨ ਟੀਚਿੰਗ ਨੇ ਵੀਸੀ ਨਾਲ ਹੋਏ ਸਮਝੌਤੇ ਨੂੰ ਨਕਾਰਿਆ ਹੈ ਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਸੰਘਰਸ਼ੀ ਧਿਰ ਬੀ. ਤੇ ਸੀ. ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਰਾਜੂ ਨੇ ਆਖਿਆ ਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਅਤੇ ਨਿਜੀ ਫਾਇਦੇ ਲਈ ਵਾਈਸ-ਚਾਂਸਲਰ ਨੂੰ ਗੁਮਰਾਹ ਕੀਤਾ ਤੇ ਗ਼ਲਤ ਸੂਚਨਾ ਦਿੱਤੀ ਹੈ।
ਸੰਘ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਨਹੀਂ ਤਾਂ ਕਰਮਚਾਰੀ ਸੰਘ ਵੱਲੋਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜੰਿਮੇਵਾਰੀ ਯੂਨੀਵਰਸਿਟੀ ਅਥਾਰਟੀ ਦੀ ਹੋਵੇਗੀ। ਇਸ ਧਰਨੇ ਵਿਚ ਗੈਰ ਅਧਿਆਪਨ ਕਰਮਚਾਰੀ ਸੰਘ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ, ਖਜਾਨਚੀ ਰਜਿੰਦਰ ਸਿੰਘ ਬਾਗੜੀਆਂ, ਮੁਹੰਮਦ ਜਹੀਰ ਲੋਰੇ ਪ੍ਰਚਾਰ ਸਕੱਤਰ, ਗੁਰਪਿਆਰ ਸਿੰਘ ਘੱਗਾ ਮੈਂਬਰ, ਅਵਤਾਰ ਸਿੰਘ ਪ੍ਰੀਖਿਆ ਸ਼ਾਖਾ ਨੇ ਸ਼ਮੂਲੀਅਤ ਕੀਤੀ।
ਹੈਰੀਟੇਜ ਫਰਨੀਚਰ ਘੁਟਾਲਾ: ਸੈਫੀ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਦਾ ਫੈਸਲਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੈਰੀਟੇਜ ਫਰਨੀਚਰ (ਐਂਟੀਕ) ਦੀ ਵਟਕ ਸਬੰਧੀ ਹੋਏ ਬਹੁ ਕਰੋੜੀ ਕਥਿਤ ਘਪਲੇ ਦਾ ਮਾਮਲਾ ਕਿਸੇ ਤਣ ਪੱਤਣ ਨਾ ਲੱਗਣ ਮਗਰੋਂ ਵਿਦਿਆਰਥੀ ਜਥੇਬੰਦੀ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ ‘ਸੈਫੀ’ ਵੱਲੋਂ ਇਨਸਾਫ ਲਈ ਅਗਲੇ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਜਾਂ ਨਿੱਜੀ ਰਿਹਾਇਸ਼ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਇਥੇ ਮੀਡੀਆ ਕਲੱਬ ’ਚ ਸੈਫੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸੈਫੀ ਆਗੂਆਂ ਨੇ ਐਲਾਨ ਕੀਤਾ ਜੇ ਯੂਨੀਵਰਸਿਟੀ ਪ੍ਰਸ਼ਾਸਨ ਮਾਮਲੇ ’ਤੇ ਚੁੱਪ ਰਿਹਾ ਤਾਂ ਜਥੇਬੰਦੀ ਜਨਤਕ ਘੋਲ ਵਿੱਢਣ ਤੋਂ ਵੀ ਗੁਰੇਜ਼ ਨਹੀ ਕਰੇਗੀ।