ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਨਵੰਬਰ
ਕਣਕ ਦੀ ਬਿਜਾਈ ਦਾ ਸੀਜ਼ਨ ਅੱਧਾ ਬੀਤ ਜਾਣ ਤੋਂ ਬਾਅਦ ਵੀ ਡੀਏਪੀ ਖਾਦ ਨੂੰ ਲੈ ਕੇ ਅਜੇ ਵੀ ਹਾਹਾਕਾਰ ਮਚੀ ਹੋਈ ਹੈ। ਇਕ ਪਾਸੇ ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ ਕਿ ਡੀਏਪੀ ਦੀ ਕੋਈ ਘਾਟ ਨਹੀਂ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਬਲੈਕ ਵਿਚ ਚੋਰੀ ਖਾਦ ਲੈ ਕਣਕ ਦੀ ਬਿਜਾਈ ਕਰਨ ਨਾਲ ਆਰਥਿਕ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੀਆਂ 32 ਕੋਆਪ੍ਰੇਟਿਵ ਸੁਸਾਇਟੀਆਂ ਵਿੱਚੋਂ ਤਿੰਨ ਅਜਿਹੀਆਂ ਹਨ ਜਿਨ੍ਹਾਂ ਕੋਲ ਹੁਣ ਤੱਕ ਇਕ ਵੀ ਥੈਲਾ ਖਾਦ ਨਹੀਂ ਆਈ। ਡੀਏਵੀ ਦੀ ਭਾਲ ਵਿੱਚ ਫਿਰਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਹਿਕਾਰੀ ਸੁਸਾਇਟੀਆਂ ‘ਚ ਡੀਏਪੀ ਖਾਦ ਭੇਜ ਕੇ ਕਿਸਾਨਾਂ ਦੀ ਹੁੰਦੀ ਲੁੱਟ ਨੂੰ ਰੋਕਿਆ ਜਾਵੇ। ਪਿੰਡ ਪਾਤੜਾਂ, ਬਕਰਾਹਾ ਅਤੇ ਭੂਤਗੜ੍ਹ ਦੇ ਕੁਝ ਕਿਸਾਨਾਂ ਨੇ ਦੱਸਿਆ ਹੈ ਕਿ ਇਨ੍ਹਾਂ ਤਿੰਨਾਂ ਪਿੰਡਾਂ ਦੀਆਂ ਕੋਆਪ੍ਰੇਟਿਵ ਸੁਸਾਇਟੀਆਂ ਵਿਚ ਕਿਸੇ ਵੀ ਕੰਪਨੀ ਦੀ ਕੋਈ ਖਾਦ ਨਹੀਂ ਆਈ ਜਿਸ ਕਰਕੇ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵਲੋਂ ਡੀਏਪੀ ਸਹਿਕਾਰੀ ਸਭਾਵਾਂ ਵਿਚ ਨਾ ਭੇਜਣ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਫ਼ਰਮਾਂ ਤੋਂ 300 ਰੁਪਏ ਪ੍ਰਤੀ ਬੋਰੀ ਜ਼ਿਆਦਾ ਕੀਮਤ ਅਦਾ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਕਿੱਲਤ ਦੇ ਚੱਲਦਿਆਂ ਵਪਾਰੀ ਦੁਕਾਨਦਾਰਾਂ ਨੂੰ ਬੇਲੋੜਾ ਸਾਮਾਨ ਖਾਦ ਨਾਲ ਲਗਾ ਕੇ ਦੇ ਰਹੇ ਹਨ ਤੇ ਕੁਝ ਕੁ ਜਗ੍ਹਾ ‘ਤੇ ਡੀਏਪੀ ਨਿਰਧਾਰਿਤ ਕੀਮਤਾਂ ਤੋਂ ਉੱਪਰ ਵੇਚਿਆ ਜਾ ਰਿਹਾ ਹੈ। ਕਿਸਾਨ ਦੂਜੇ ਸੂਬਿਆਂ ਤੋਂ ਵੀ ਮਹਿੰਗੇ ਰੇਟਾਂ ‘ਤੇ ਖਾਦ ਲਿਆਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ (ਖਾਦਾਂ) ਡਾ. ਬਲਦੇਵ ਸਿੰਘ ਨੇ ਕਿਹਾ ਸੀ ਕਿ ਅਗਲੇ ਦੋ ਹਫ਼ਤਿਆਂ ‘ਚ ਪੰਜਾਬ ‘ਚ 2 ਲੱਖ 56 ਹਜ਼ਾਰ ਮੀਟਰਿਕ ਟਨ ਡੀਏਪੀ ਖਾਦ ਪਹੁੰਚ ਰਹੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹਰ ਰੋਜ਼ 7 ਰੈਕ ਪਹੁੰਚਣਗੇ, ਜਿਸ ਨਾਲ ਖਾਦ ਦੀ ਘਾਟ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਪਰ ਹਫ਼ਤਾ ਬੀਤ ਜਾਣ ਬਾਅਦ ਵੀ ਖਾਦ ਨਹੀਂ ਆਈ।
ਡੀਏਪੀ ਦੀ ਘਾਟ ਲਈ ਸੁਸਾਇਟੀਆਂ ਜ਼ਿੰਮੇਵਾਰ: ਮੈਨੇਜਰ ਮਾਰਕਫੈੱਡ
ਮਾਰਕਫੈੱਡ ਪਾਤੜਾਂ ਦੇ ਮੈਨੇਜਰ ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਸਬ ਡਿਵੀਜ਼ਨ ਪਾਤੜਾਂ ਦੀਆਂ ਤਿੰਨ ਕੋਆਪਰੇਟਿਵ ਸੁਸਾਇਟੀਆਂ ਨੂੰ ਛੱਡ ਕੇ ਬਾਕੀ ਸੁਸਾਇਟੀਆਂ ਵਿੱਚ ਸਿਰਫ ਮਾਰਕਫੈੱਡ ਵੱਲੋਂ 35% ਭਾਵ ਕਿ 44920 ਥੈਲਿਆਂ ਵਿੱਚੋਂ 15760 ਸੁਸਾਇਟੀਆਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਖਾਦ ਦੀ ਘਾਟ ਲਈ ਇਲਾਕੇ ਦੀਆਂ ਕੋਆਪਰੇਟਿਵ ਸੁਸਾਇਟੀਆਂ ਜ਼ਿੰਮੇਵਾਰ ਹਨ ਕਿਉਂਕਿ ਮਾਰਕਫੈੱਡ ਦੇ ਉਚ ਅਧਿਕਾਰੀਆਂ ਦੇ ਅਦੇਸ਼ਾਂ ਮੁਤਾਬਕ ਅਗਸਤ ਵਿੱਚ ਡੀਏਪੀ ਖਾਦ ਦੀ ਸਪਲਾਈ ਸ਼ੁਰੂ ਕਰ ਦਿੱਤੀ ਸੀ ਪਰ ਸੁਸਾਇਟੀਆਂ ਵੱਲੋਂ 55 ਲੱਖ ਰੁਪਏ ਮੌਕੇ ’ਤੇ ਜਮ੍ਹਾਂ ਨਹੀਂ ਕਰਵਾਏ ਗਏ। ਜੇ ਸੁਸਾਇਟੀਆਂ ਖਾਦ ਵੇਚ ਕੇ ਪੇਮੈਂਟ ਤੁਰੰਤ ਜਮ੍ਹਾ ਕਰਵਾ ਦਿੰਦੀਆਂ ਤਾਂ ਅੱਜ ਇਹ ਸਮੱਸਿਆ ਪੈਦਾ ਨਾ ਹੁੰਦੀ।