ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਸਤੰਬਰ
ਬੰਦ ਦੇ ਸੱਦੇ ਦੌਰਾਨ ਸ਼ਾਹੀ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ’ਚ ਵੀ ਸੁੰਨ ਪਸਰੀ ਰਹੀ। ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਸਨ ਬਾਕੀ ਹਰ ਤਰ੍ਹਾਂ ਦੇ ਕਾਰੋਬਾਰੀ ਅਦਾਰੇ ਬੰਦ ਰਹੇ। ਚਾਹ ਵਾਲ਼ੀਆਂ ਰੇਹੜੀਆਂ ਤੱਕ ਵੀ ਨਜ਼ਰ ਨਹੀਂ ਪਈਆਂ। ਦੁਕਾਨਦਾਰਾਂ ਨੇ ਆਪ ਮੁਹਾਰੇ ਹੀ ਦੁਕਾਨਾ ਆਦਿ ਬੰਦ ਕੀਤੀਆਂ ਹੋਈਆਂ ਸਨ। ਬਾਜ਼ਾਰਾਂ ’ਚ ਕਿਸਾਨੀ ਝੰਡਿਆਂ ਨਾਲ਼ ਲੈਸ ਨੌਜਵਾਨਾਂ ਦੇ ਮੋਟਰਸਾਈਕਲ ਤੇ ਟਰੈਕਟਰ ਫੇਰੀਆਂ ਪਾਉਂਦੇ ਰਹੇ। ਨੌਜਵਾਨ ਸਹਿਯੋਗ ਲਈ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਦਾ ਵਾਰ ਵਾਰ ਧੰਨਵਾਦ ਕਰ ਰਹੇ ਸਨ।
ਕੁਝ ਥਾਈਂ ਸ਼ਹਿਰੀ ਖੇਤਰਾਂ ਵਾਲ਼ੇ ਗੁਰਦੁਆਰਿਆਂ ਤੋਂ ਤਿਆਰ ਕੀਤੇ ਗਏ ਚਾਹ ਦੇ ਲੰਗਰ ਵੀ ਛਕਾਏ ਗਏ। ਗੁਰਦੁਆਰਾ ਤੇ ਜੇਲ੍ਹ ਰੋਡ ਵਾਲ਼ੀਆਂ ਦੁਕਾਨਾਂ ਬੰਦ ਕਰ ਕੇ ਧਰਨੇ ’ਤੇ ਬੈਠੇ ਦੁਕਾਨਦਾਰਾਂ ਤੇ ਹੋਰਾਂ ਲਈ ਸ਼੍ਰੋਮਣੀ ਕਮੇਟੀ ਮੁਲਾਜ਼ਮ ਪੰਮਾ ਪਨੌਦੀਆਂ ਸਣੇ ਹੋਰਨਾਂ ਵੱਲੋਂ ਚੌਲਾਂ ਦਾ ਲੰਗਰ ਵਰਤਾਇਆ ਗਿਆ। ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਾਲ਼ਾ ਬਾਜ਼ਾਰ ਦੇ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੂੰ ਹਰਵਿੰਦਰ ਕਾਲ਼ਵਾ, ਨੌਜਵਾਨ ਆਗੂ ਸੁਖਬੀਰ ਅੰਟਾਲ਼ ਅਤੇ ਸਵੀਟੀ ਤੇ ਹੋਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਸੀ। ਅਕਾਲੀ ਆਗੂ ਇੰਦਰਮੋਹਣ ਬਜਾਜ, ਸਾਬਕਾ ਮੇਅਰ ਅਮਰਿੰਦਰ ਬਜਾਜ ਸਣੇ ਹੋਰਾਂ ਨੇ ਸ਼ੇਰੇ ਪੰਜਾਬ ਮਾਰਕੀਟ ਬੰਦ ਰੱਖੀ।
ਇਸ ਬੰਦ ਤੋਂ ਕੇਂਦਰੀ ਹਕੂਮਤ ਖਿਲਾਫ਼ ਲੋਕ ਏਕੇ ਵਾਲ਼ਾ ਨਿਵੇਕਲੇ ਤਰ੍ਹਾਂ ਦਾ ਅਨੁਭਵ ਮਹਿਸੂਸ ਹੋ ਰਿਹਾ ਸੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਹਿਰਾਗਾਗਾ ’ਚ ਪੂਰੀ ਤਰ੍ਹਾਂ ਬੰਦ ਰਿਹਾ। ਪੂਰੀਆਂ ਦੁਕਾਨਾਂ, ਖਾਣ ਪੀਣ ਤੇ ਚਾਹ ਵਾਲੀਆਂ ਰੇਹੜੀਆਂ, ਬੱਸਾਂ, ਰੇਲਵੇ ਸੇਵਾ ਪੂਰਨ ਬੰਦ ਰਹੀ। ਸਿਰਫ਼ ਮੈਡੀਕਲ ਦੁਕਾਨਾਂ ਅਤੇ ਸਰਕਾਰੀ ਸਕੂਲ ਖੁੱਲ੍ਹੇ ਰਹੇ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਭਾਰਤ ਬੰਦ ਦੇ ਸੱਦੇ ਨੂੰ ਮਾਲੇਰਕੋਟਲਾ ਖੇਤਰ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਮਾਲੇਰਕੋਟਲਾ ਸ਼ਹਿਰ ’ਚ ਸਬਜ਼ੀ ਮੰਡੀ ਸਣੇ ਬਾਜ਼ਾਰ ਬੰਦ ਰਹੇ ਅਤੇ ਆਸ-ਪਾਸ ਦੇ ਪਿੰਡਾਂ ‘ਚ ਵੀ ਦੁਕਾਨਾਂ ਬੰਦ ਰਹੀਆਂ ਤੇ ਸੜਕਾਂ ’ਤੇ ਸੁੰਨ ਪਸਰੀ ਰਹੀ।
ਬੰਦ ਲਈ ਵਪਾਰੀਆਂ ਦਾ ਧੰਨਵਾਦ
ਨਾਭਾ (ਜੈਸਮੀਨ ਭਾਰਦਵਾਜ): ਕਿਸਾਨ ਸੰਯੁਕਤ ਮੋਰਚੇ ਦੇ ਬੰਦ ਦੇ ਸੱਦੇ ਮੁਤਾਬਕ ਅੱਜ ਨਾਭਾ ਦੇ ਵਪਾਰੀਆਂ ਨੇ ਮੁਕੰਮਲ ਬੰਦ ਰੱਖਿਆ, ਉੱਥੇ ਭਾਜਪਾ ਅਹੁਦੇਦਾਰਾਂ ਨੇ ਵੀ ਕੰਮ ਕਾਰ ਬੰਦ ਰੱਖੇ। ਇਸ ਮੌਕੇ ਕਿਸਾਨਾਂ ਨੂੰ ਸਮਰਥਨ ਬਾਰੇ ਪੁੱਛੇ ਸਵਾਲ ’ਤੇ ਭਾਜਪਾ ਆਗੂਆਂ ਨੇ ਟਾਲ ਦਿੱਤਾ। ਦੂਜੇ ਪਾਸੇ, ਕਿਸਾਨ ਯੂਨੀਅਨ ਰਾਜੇਵਾਲ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਨਾਭਾ ਦੇ ਰੋਹਟੀ ਪੁਲ ਉੱਪਰ ਲਾਏ ਜਾਮ ਵਿੱਚ ਵਪਾਰੀਆਂ ਦਾ ਬੰਦ ’ਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ।