ਸੁਭਾਸ਼ ਚੰਦਰ
ਸਮਾਣਾ, 30 ਮਈ
ਸਮਾਣਾ ਸ਼ਹਿਰ ’ਚ ਨਗਰ ਕੌਂਸਲ ਦੀ ਮਲਕੀਅਤ ਵਾਲੀ ਥਾਂ ’ਤੇ ਸ਼ਹਿਰ ਦੇ ਭੂ-ਮਾਫੀਆਂ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਬਜ਼ਾ ਕਰ ਕੇ ਉਸ ਦੀ ਰਜਿਸਟਰੀ ਅਤੇ ਨਕਸ਼ਾ ਵੀ ਪਾਸ ਕਰਵਾ ਲਿਆ ਗਿਆ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਆਪਣੀ ਮਲਕੀਅਤ ਵਾਲੀ ਕਰੋੜਾਂ ਰੁਪਏ ਮੁੱਲ ਦੀ ਥਾਂ ਨੂੰ ਆਪਣਾ ਮੰਨਣ ਨੁੰ ਵੀ ਤਿਆਰ ਨਹੀਂ। ਅਜਿਹਾ ਹੀ ਮਾਮਲਾ ਸਮਾਣਾ ਦੇ ਘੱਗਾ ਰੋਡ ’ਤੇ ਸਾਹਮਣੇ ਆਇਆ ਹੈ, ਜਿੱਥੇ ਕਈ ਦਹਾਕੇ ਤੱਕ ਨਗਰ ਕੌਂਸਲ ਦਾ ਚੁੰਗੀ ਨਾਕਾ ਹੋਇਆ ਕਰਦਾ ਸੀ। ਬਾਦਲ ਸਰਕਾਰ ਵੱਲੋਂ ਚੁੰਗੀਆਂ ਖ਼ਤਮ ਕਰਨ ਤੋਂ ਬਾਅਦ ਇਸ ਜਗ੍ਹਾ ’ਤੇ ਕਮੇਟੀ ਦਾ ਰਿਕਾਰਡ ਰੱਖਿਆ ਜਾਂਦਾ ਰਿਹਾ। ਪ੍ਰੰਤੂ ਕੁਝ ਸਮਾਂ ਪਹਿਲਾਂ ਇਸ ਬਿਲਡਿੰਗ ਨੂੰ ਢਾਹ ਦਿੱਤਾ ਗਿਆ। ਹੁਣ ਉਸ ਥਾਂ ’ਤੇ ਭੂ ਮਾਫੀਆ ਵੱਲੋਂ ਦੁਕਾਨਾਂ ਦੀ ਉਸਾਰੀ ਕਰ ਦਿੱਤੀ ਗਈ ਹੈ। ਜਦੋਂਕਿ ਨਗਰ ਕੌਂਸਲ ਵੱਲੋਂ ਕਦੇ ਵੀ ਉਸ ਜਗ੍ਹਾ ਨੂੰ ਵੇਚਿਆ ਨਹੀਂ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਇਹ 2 ਮਰਲੇ ਜਗ੍ਹਾ ਸਾਲ 1984 ਵਿੱਚ ਉਸ ਸਮੇਂ ਦੇ ਕਾਰਜ ਸਾਧਕ ਅਧਿਕਾਰੀ ਨੇ ਹੇਮਰਾਜ ਤੇ ਓਮ ਪ੍ਰਕਾਸ਼ ਪਾਸੋਂ 9500 ਰੁਪਏ ਵਿੱਚ 15 ਅਕਤੂਬਰ 1984 ਨੂੰ ਖਰੀਦੀ ਸੀ, ਜਿਸ ’ਤੇ 1187.50 ਰੁਪਏ ਦੇ ਅਸ਼ਟਾਮ ਵੀ ਲਗਾਏ ਗਏ ਸਨ। ਇਸ ਰਕਬੇ ਦਾ ਅਧਿਕਾਰੀਆਂ ਵੱਲੋਂ ਇੰਤਕਾਲ ਸਮੇਂ ਹਾਜ਼ਰ ਨਾ ਹੋਣ ਕਾਰਨ ਇੰਤਕਾਲ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ, ਜਿਸ ਨੂੰ ਮਾਲ ਵਿਭਾਗ ਦੇ ਕਰਮਚਾਰੀਆਂ ਨੇ ਸਾਰੀਆਂ ਹੱਦਾਂ ਟੱਪ ਕੇ ਮੌਜੂਦਾ ਨਕਸ਼ੇ ’ਤੇ ਜਮ੍ਹਾਂ ਬੰਦੀ ’ਚ ਨਾਮੋਂ ਨਿਸ਼ਾਨ ਮਿਟਾ ਦਿੱਤਾ ਗਿਆ। ਜੋ ਮਾਲ ਵਿਭਾਗ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਹੈ।
ਇਸ ਬਾਰੇ ਜਦੋਂ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਬਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪਹਿਲਾ ਤਾਂ ਇਸ ਜਗ੍ਹਾ ਨੂੰ ਕਿਸੇ ਵੀ ਢੰਗ ਨਾਲ ਨਗਰ ਕੌਂਸਲ ਦੀ ਹੋਣ ਤੋਂ ਸਾਫ਼ ਇਨਕਾਰ ਕੀਤਾ ਪ੍ਰੰਤੂ ਜਦੋਂ ਉਨ੍ਹਾਂ ਨੂੰ ਪੂਰੀ ਜਾਣਕਾਰੀ ਮੁੱਹਈਆ ਕਰਵਾਈ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਤੇ ਜੇਕਰ ਇਹ ਜਗ੍ਹਾ ਨਗਰ ਕੌਂਸਲ ਦੀ ਹੋਈ ਤਾਂ ਇਸ ਦਾ ਕਬਜ਼ਾ ਛੁਡਾਇਆ ਜਾਵੇਗਾ।