ਸੁਭਾਸ਼ ਚੰਦਰ
ਸਮਾਣਾ 30 ਅਕਤੂਬਰ
ਗਾਜੇਵਾਸ ਪੁਲੀਸ ਚੌਕੀ ਅਧੀਨ ਆਉਂਦੇ ਪਿੰਡ ਲਲੋਛੀ ਵਿੱਚ ਪੁੱਤਰ ਅਤੇ ਨੂੰਹ ਨੇ 70 ਸਾਲਾਂ ਦੀ ਬਿਰਧ ਮਾਤਾ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਬਿਰਧ ਦੇ ਸਰੀਰ ’ਤੇ ਅਨੇਕਾਂ ਹੀ ਸੱਟਾਂ ਲੱਗੀਆਂ ਹੋਈਆਂ ਹਨ। ਉਸ ਦਾ ਚੂਲਾ ਟੁੱਟ ਗਿਆ ਹੈ ਅਤੇ ਉਹ ਸਮਾਣਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪੀੜਤ ਕਰਨੈਲ ਕੌਰ ਪਤਨੀ ਅਮਰ ਸਿੰਘ ਵਾਸੀ ਪਿੰਡ ਲਲੋਛੀ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ। ਉਹ ਆਪਣੇ ਦੋਵਾਂ ਪੁੱਤਰਾਂ ਤੋਂ ਵੱਖ ਰਹਿੰਦੀ ਹੈ। ਕੁੱਟਮਾਰ ਦੀ ਘਟਨਾ ਤਕਰੀਬਨ ਸੱਤ ਦਿਨ ਪਹਿਲਾਂ ਦੀ ਹੈ, ਜਦੋਂ ਬਿਰਧ ਆਪਣੇ ਕੱਪੜੇ ਧੋ ਰਹੀ ਸੀ ਤਾਂ ਉਸ ਦੀ ਨੂੰਹ ਕੁਲਦੀਪ ਕੌਰ ਨੇ ਪਹਿਲਾਂ ਪਾਣੀ ਵਾਲੀ ਟੂਟੀ ਕਥਿਤ ਤੌਰ ’ਤੇ ਬੰਦ ਕਰ ਦਿੱਤੀ ਅਤੇ ਧੋਤੇ ਕੱਪੜੇ ਨੀਚੇ ਸੁੱਟ ਦਿੱਤੇ। ਇਸ ਮਗਰੋਂ ਘਰ ਦਾ ਕੂੜਾ ਕਰਕਟ ਇਕੱਠਾ ਕਰ ਕੇ ਉਸ ਉਪਰ ਸੁੱਟ ਦਿੱਤਾ। ਜਦੋਂ ਮਾਤਾ ਕਰਨੈਲ ਕੌਰ ਨੇ ਇਸ ਦਾ ਵਿਰੋਧ ਕੀਤਾ ਤਾਂ ਨੂੰਹ ਨੇ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਫੋਨ ਕਰਕੇ ਆਪਣੇ ਪਤੀ ਮਲਕੀਤ ਸਿੰਘ ਨੂੰ ਬੁਲਾ ਲਿਆ। ਮਲਕੀਤ ਸਿੰਘ ਨੇ ਘਰ ਪਹੁੰਚ ਕੇ ਬਿਰਧ ਮਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਜਦੋਂ ਕੁੱਟਮਾਰ ਦੀ ਘਟਨਾ ਵਾਪਰ ਰਹੀ ਸੀ ਤਾਂ ਬਿਰਧ ਦੀਆਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਮਲਕੀਤ ਸਿੰਘ ਨੂੰ ਕੁੱਟਮਾਰ ਕਰਨ ਤੋਂ ਹਟਾਇਆ। ਇਸ ਤੋਂ ਬਾਅਦ ਬਿਰਧ ਮਾਤਾ ਦੇ ਦੂਸਰੇ ਪੁੱਤਰ ਸੁਖਵਿੰਦਰ ਸਿੰਘ ਨੂੰ ਬੁਲਾ ਕੇ ਮਾਤਾ ਕਰਨੈਲ ਕੌਰ ਨੂੰ ਸਿਵਲ ਹਸਪਤਾਲ ਸਮਾਣਾ ਦਾਖਲ ਕਰਵਾਇਆ ਗਿਆ।
ਪੁਲੀਸ ਨੇ ਮਾਤਾ ਦੇ ਬਿਆਨ ਦਰਜ ਕੀਤੇ
ਕੇਸ ਦੇ ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਮਾਤਾ ਦੇ ਬਿਆਨ ਦਰਜ ਕਰਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਨੂੰਹ ਤੇ ਪੁੱਤਰ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਕੇਸ ਵਿੱਚ ਕਿਸੇ ਹੋਰ ਦੀ ਸ਼ਮੂਲੀਅਤ ਹੋਈ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਹੱਡੀਆਂ ਦੇ ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਦਾ ਚੂਲਾ ਟੁੱਟ ਗਿਆ ਹੈ। ਟੈਸਟ ਅਨੁਸਾਰ ਪਤਾ ਲੱਗਾ ਹੈ ਕਿ ਮਾਤਾ ਦੇ ਸਰੀਰ ’ਚ ਖੂਨ ਦੀ ਕਮੀ ਹੈ। ਖ਼ੂਨ ਦੀ ਕਮੀ ਪੂਰੀ ਕਰਨ ਮਗਰੋਂ ਹੀ ਬਿਰਧ ਦਾ ਅਪਰੇਸ਼ਨ ਕੀਤਾ ਜਾਵੇਗਾ।