ਰਵੇਲ ਸਿੰਘ ਭਿੰਡਰ
ਪਟਿਆਲਾ, 26 ਜੂਨ
ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਅੱਜ ਪੰਚਮੀ ਦੇ ਦਿਹਾੜੇ ਮੌਕੇ ਸੰਗਤ ਦੀ ਆਮਦ ਵਿੱਚ ਵਾਧਾ ਹੋਇਆ ਦੇਖਿਆ ਗਿਆ। ਇਹ ਤਿਉਹਾਰ ਧਾਰਮਿਕ ਰਵਾਇਤਾਂ ਅਨੁਸਾਰ ਉਤਸ਼ਾਹ ਨਾਲ ਮਨਾਇਆ ਗਿਆ। ਕਰੋਨਾਵਾਇਰਸ ਮਹਾਮਾਰੀ ਦੌਰਾਨ ਸ਼ਰਧਾ ਤੇ ਆਸਥਾ ਦਾ ਪ੍ਰਗਟਾਵਾ ਕਰਦੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸੀਸ ਨਿਵਾਇਆ ਅਤੇ ਸ਼ਬਦ ਗੁਰੂ ਦਾ ਆਸਰਾ ਪ੍ਰਾਪਤ ਕੀਤਾ। ਸੰਗਤ ਨੇ ਹਜ਼ੂਰੀ ਕੀਰਤਨੀ ਜਥਿਆਂ ਪਾਸੋਂ ਕੀਰਤਨ ਸਰਵਣ ਕੀਤਾ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਵੀ ਕੀਤਾ। ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਖਾਲਸਾ ਪੰਥ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਸੰਗਤ ਨੇ ਕੋਵਿਡ-19 ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮੱਥਾ ਟੇਕਿਆ। ਸੰਗਤ ਨੂੰ ਪ੍ਰੇਰਨਾ ਦਿੰਦਿਆਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਨਾਲ ਮਨੁੱਖ ਗੁਰੂ ਮਾਰਗ ਦਾ ਪਾਂਧੀ ਬਣਦਾ ਹੈ ਅਤੇ ਸ਼ਬਦ ਗੁਰੂ ਦੇ ਲੜ ਲੱਗ ਕੇ ਸਰਬੱਤ ਦਾ ਭਲਾ ਅਤੇ ਮਨੁੱਖਤਾ ਦਾ ਕਲਿਆਣ ਹੋ ਸਕਦਾ। ਉਂਜ ਕੋਵਿਡ ਪ੍ਰੋਟੋਕਾਲ ਵਜੋਂ ਅੱਜ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਨਹੀਂ ਸਜਾਏ ਗਏ ਸਨ ਤੇ ਸੰਗਤ ਨੂੰ ਵੀ ਮੱਥਾ ਟੇਕਣ ਉਪਰੰਤ ਜਲਦੀ ਵਾਪਸ ਪਰਤਣ ਲਈ ਬੇਨਤੀਆਂ ਕੀਤੀਆਂ ਜਾਂਦੀਆ ਰਹੀਆਂ, ਤਾਂ ਜੋ ਇੱਕਠ ਨਾ ਹੋਵੇ। ਗੁਰਦੁਆਰੇ ਵਿਖੇ ਮੱਥਾ ਟੇਕਣ ਪੁੱਜਦੀ ਸੰਗਤ ਨੂੰ ਕੋਵਿਡ-19 ਦੇ ਪ੍ਰਭਾਵ ਤੋਂ ਬਚਾਉਣ ਲਈ ਵੱਖ-ਵੱਖ ਥਾਵਾਂ ’ਤੇ ਜਿੱਥੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਸੈਨੇਟਾਈਜ਼ੇਸ਼ਨ ਕੀਤੀ ਜਾ ਰਹੀ ਹੈ, ਉੱਥੇ ਹੀ ਪੰਚਮੀ ਦੇ ਦਿਹਾੜੇ ਮੌਕੇ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਵੁਆਇਸਡ ਮਸ਼ੀਨ ਵੀ ਲਗਾਈ ਗਈ ਹੈ। ਸੈਨੇਟਾਈਜ਼ੇਸ਼ਨ ਮਸ਼ੀਨ ਬੋਲ ਕੇ ਸੰਗਤ ਦੇ ਹੱਥਾਂ ਨੂੰ ਸੈਨੇਟਾਈਜ਼ ਕਰਦੀ ਹੈ। ਮਸ਼ੀਨ ਨੂੰ ਦਰਸ਼ਨੀ ਡਿਉੜੀ ’ਚ ਲਾਉਣ ਉਪਰੰਤ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਕੋਵਿਡ-19 ਦੀ ਲਾਗ ਤੋਂ ਸੰਗਤ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਪੂਰੀ ਚੌਕਸ ਹੈ।