ਰਵੇਲ ਸਿੰਘ ਭਿੰਡਰ
ਪਟਿਆਲਾ, 1 ਅਗਸਤ
ਵਿਰਾਸਤੀ ਸ਼ਹਿਰ ਪਟਿਆਲਾ ਦੇ ਜਨਹਿੱਤ ਰਸੋਈ ਨੇੜੇ ਪੈਂਦੇ ਖੁੱਲੇ ਪੰਡਾਲ ਵਿੱਚ ਤੀਆਂ ਦਾ ਤਿਉਹਾਰ ਰਵਾਇਤੀ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ਗਿਆ, ਜਿਸ ’ਚ ਪੰਜਾਬੀ ਸਭਿਆਚਾਰ ਦੀ ਪਛਾਣ ਗਿੱਧੇ ਦੀ ਧਮਕ ’ਤੇ ਬੋਲੀਆਂ ਦਾ ਰੱਜ ਕੇ ਮੀਂਹ ਵਰ੍ਹਿਆ। ਭਾਈ ਗੁਰਦਾਸ ਨਰਸਿੰਗ ਕਾਲਜ, ਪਟਿਆਲਾ ਅਤੇ ਵਰਧਮਾਨ ਮਹਾਂਵੀਰ ਹਪਸਤਾਲ ਵੱਲੋਂ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਤੀਆਂ ਦੇ ਮੇਲੇ ਦੌਰਾਨ ਖੂਬ ਰੌਣਕ ਭਰੀ। ਭਾਈ ਗੁਰਦਾਸ ਨਰਸਿੰਗ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਨੇ ਮੇਲੇ ਦਾ ਮੰਚ ਸੰਭਾਲਦਿਆਂ ਗਿੱਧਾ, ਭੰਗੜਾ, ਜਾਗੋ, ਧਮਾਲਾਂ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਣਾਈਆਂ ਬੋਲੀਆਂ, ਪੰਜਾਬੀ ਗੀਤਾਂ ਤੇ ਕਵਿਤਾਵਾਂ ਨਾਲ ਸਰੋਤਿਆਂ ਦਾ ਖੂਬ ਮੰਨੋਰੰਜਨ ਕੀਤਾ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਡਾਇਰੈਕਟਰ ਪ੍ਰੋ. ਬਲਦੇਵ ਸਿੰਘ ਬਲੂਆਣਾ ਜਦੋਂ ਕਿ ਪ੍ਰੋਗਰਾਮ ਦਾ ਉਦਘਾਟਨ ਡਾ. ਸੋਰਭ ਜੈਨ ਨੇ ਕੀਤੇ ਤੇ ਹੋਰ ਅਹਿਮ ਸਖਸ਼ੀਅਤਾਂ ਵੀ ਸ਼ਾਮਲ ਹੋਈਆਂ। ਡਾ. ਸ਼ਿਲਪੀ ਜੈਨ ਨੇ ਵੱਖ ਵੱਖ ਪੇਸ਼ਕਾਰੀਆਂ ’ਚ ਹਿੱਸਾ ਪਾਉਣ ਵਾਲੀਆਂ ਮੁਟਿਆਰਾਂ ਦਾ ਮੋਮੈਂਟੋ, ਸ਼ਾਲ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸਮਾਜ ਸੇਵਿਕਾ ਬੀਬੀ ਸਤਿੰਦਰ ਕੌਰ ਵਾਲੀਆ, ਵਿਨੋਦ ਕੁਮਾਰ, ਜਗਤਾਰ ਸਿੰਘ ਜੱਗੀ, ਮਨਪ੍ਰੀਤ ਕੌਰ ਮੋਦਗਿਲ, ਅਮਨ ਵੜੈਚ, ਜਨਕ ਰਾਜ ਸਿੰਗਲਾ, ਹਰਿੰਦਰ ਗੁਪਤਾ, ਮੁਕੇਸ਼ ਸਿੰਗਲ, ਡਾ. ਐੱਮਪੀ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।
ਭਾਦਸੋਂ (ਹਰਦੀਪ ਸਿੰਘ ਭੰਗੂ): ਭਾਦਸੋਂ ਦੀ ਸੰਧੂ ਕਲੋਨੀ ਵਿੱਚ ਵਾਰਡ ਦੀਆਂ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਵਾਰਡ ਦੀਆਂ ਲੜਕੀਆਂ, ਨਵਵਿਆਹੁਤਾਵਾਂ, ਬਜ਼ੁਰਗ ਔਰਤਾਂ ਨੇ ਵੱਖੋ-ਵੱਖਰੇ ਲਿਵਾਜ਼ ਪਾ ਕੇ ਗਿੱਧਾ, ਬੋਲੀਆਂ ਸਮੇਤ ਵੱਖ ਵੱਖਰੀਆਂ ਵੰਨਗੀਆਂ ਪੇਸ਼ ਕਰਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਚੂਨੀ ਲਾਲ ਨੇ ਕਿਹਾ ਕਿ ਸਾਨੂੰ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ। ਇਸ ਦੌਰਾਨ ਗੱਲਬਾਤ ਕਰਦੇ ਹੋਏ ਰਾਣੀ, ਸਰੋਜ ਨੇ ਕਿਹਾ ਕਿ ਅਜੋਕੀ ਪੀੜ੍ਹੀ ਮੋਬਾਈਲ ਯੁਗ ਵਿਚ ਫਸ ਕੇ ਆਪਣਾ ਵਿਰਸਾ ਭੁੱਲਦੀ ਜਾ ਰਹੀ ਹੈ। ਇਸ ਤਰ੍ਹਾਂ ਦੇ ਤਿਉਹਾਰ ਮਨਾ ਕੇ ਅਸੀਂ ਆਪਣਾ ਵਿਰਸਾ ਯਾਦ ਰੱਖ ਸਕਦੇ ਹਾਂ। ਇਸ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ ਰੂਬੀ ਤੇ ਰੂਹੀ ਨੇ ਵੀ ਪੰਜਾਬੀ ਪਹਿਰਾਵਾ ਪਾ ਕੇ ਗਿੱਧਾ ਭੰਗੜਾ ਪਾ ਕੇ ਮਨ ਮੋਹਿਆ। ਇਸ ਮੌਕੇ ਜਸਵੀਰ ਕੌਰ, ਸਿਮਰਨ ਕੌਰ, ਆਮੀਨ, ਹਰਵਿੰਦਰ ਕੌਰ, ਸੁਪ੍ਰੀਤ ਕੌਰ ਕੋਂਸਲਰ, ਬਲਜਿੰਦਰ ਕੌਰ ਤੇ ਹੋਰ ਵਾਰਡ ਵਾਸੀ ਹਾਜ਼ਰ ਸਨ।