ਪੱਤਰ ਪ੍ਰੇਰਕ
ਸਮਾਣਾ, 18 ਨਵੰਬਰ
ਇਥੇ ਸਮਾਣਾ ਭਾਖੜਾ ਪੁਲ ’ਤੇ ਕਾਰ ਨੇ ਥ੍ਰੀ ਵੀਲਰ੍ਹ ਨੂੰ ਟੱਕਰ ਮਾਰ ਦਿੱਤੀ , ਜਿਸ ਕਾਰਨ ਇਸ ’ਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਸਿਟੀ ਪੁਲੀਸ ਦੇ ਏਐੱਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਥ੍ਰੀ ਵੀਲਰ੍ਹ ਚਾਲਕ ਰੇਸ਼ਮ ਸਿੰਘ ਵਾਸੀ ਪਿੰਡ ਚੋਹਠ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਸ਼ਨਿਚਰਵਾਰ ਸ਼ਾਮ ਨੂੰ ਜਦੋਂ ਸਮਾਣਾ ਤੋਂ ਸਵਾਰੀਆਂ ਲੈ ਕੇ ਜਾ ਰਿਹਾ ਸੀ ਤਾਂ ਭਾਖੜਾ ਪੁਲ ’ਤੇ ਪਿਛੋਂ ਆਏ ਇਕ ਕਾਰ ਚਾਲਕ ਨੇ ਤੇਜ਼ ਰਫਤਾਰੀ ਉਨ੍ਹਾਂ ਦੇ ਥ੍ਰੀ ਵੀਲਰ੍ਹ ਵਿੱਚ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਕਾਰਨ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਜ਼ਖਮੀ ਬਲਵੀਰ ਸਿੰਘ (50) ਵਾਸੀ ਪਿੰਡ ਡਰੋਲੀ ਨੂੰ ਮੁੱਢਲੀ ਸਹਾਇਤਾ ਉਪਰੰਤ ਪਟਿਆਲਾ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਐਤਵਾਰ ਨੂੰ ਮੌਤ ਹੋ ਗਈ।