ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 16 ਜੂਨ
ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ, ਸਿਲੇਬਸ ਪੇਪਰਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਏਸ਼ੀਅਨ ਗਰੁੱਪ ਆਫ਼ ਕਾਲਜਿਜ਼, ਸਰਹਿੰਦ ਰੋਡ, ਪਟਿਆਲਾ ਨੇ ਰਾਜ ਅਤੇ ਕੇਂਦਰ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ 33 ਫ਼ੀਸਦੀ ਸਟਾਫ਼ ਨਾਲ ਕਾਲਜ ਕੈਂਪਸ ਖੋਲ੍ਹ ਦਿੱਤਾ ਸੀ। ਕਾਲਜ ਦੇ ਚੇਅਰਮੈਨ ਤਰਸੇਮ ਸੈਣੀ ਨੇ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਅਤੇ ਬੁਲਾਏ ਸਟਾਫ਼ ਦੀ ਸੁਰੱਖਿਆ ਹਿੱਤ ਕਾਲਜ ਕੈਂਪਸ ਦੇ ਗੇਟ ’ਤੇ ਸੈਨੇਟਾਈਜ਼ਿੰਗ ਟਨਲ ਬਣਾਇਆ ਹੈ ਜਿੱਥੇ ਉਨ੍ਹਾਂ ਨੂੰ ਕਾਲਜ ਕੈਂਪਸ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਬਲਾਕ ਦੇ ਗੇਟ ’ਤੇ ਹੈਂਡ ਸੈਨੇਟਾਈਜ਼ਰ ਰਾਹੀਂ ਹੱਥ ਸੈਨੇਟਾਈਜ਼ ਕਰਵਾ ਕੇ, ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਨ-ਲਾਈਨ ਟੀਚਿੰਗ ਰੂਮ ਤਿਆਰ ਕੀਤੇ ਗਏ ਹਨ ਅਤੇ ਸਮੈਸਟਰ ਦੀ ਪੜ੍ਹਾਈ ਦਾ 50 ਪ੍ਰਤੀਸ਼ਤ ਸਿਲੇਬਸ ਆਨ-ਲਾਈਨ ਮਾਧਿਅਮ ਰਾਹੀਂ ਹੀ ਪੂਰਾ ਕਰਵਾਉਣ ਲਈ ਸੰਸਥਾ ਤਿਆਰ ਹੈ।