ਪੱਤਰ ਪੇ੍ਰਕ
ਨਾਭਾ, 27 ਅਕਤੂਬਰ
ਮਿੱਡ-ਡੇਅ ਮੀਲ ਸਕੀਮ ਅਧੀਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਸਵੇਰੇ ਨਾਸ਼ਤੇ ਅਧੀਨ ਪੌਸ਼ਟਿਕ ਸੁੱਕੇ ਪਾਊਡਰ ਦਾ ਘੋਲ ਦੇਣ ਦੀ ਸਕੀਮ ਦਾ ਸੰਗਰੂਰ ਜ਼ਿਲ੍ਹੇ ਤੋਂ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਸ੍ਰੀ ਸੱਤਿਆ ਸਾਈ ਅੰਨਪੂਰਨਾ ਟਰੱਸਟ ਨਾਂ ਦੀ ਐਨਜੀਓ ਵੱਲੋਂ ਇਸ ਦੀ ਸਪਲਾਈ ਦਿੱਤੀ ਜਾਵੇਗੀ। ਇਸ ਸਬੰਧੀ ਡੈਮੋਕ੍ਰੇਟਿਕ ਮਿੱਡ-ਡੇਅ ਮੀਲ ਕੁੱਕ ਫਰੰਟ ਦੀ ਆਗੂ ਕਿਰਨਜੀਤ ਕੌਰ ਖੋਖ, ਬਲਜੀਤ ਕੌਰ ਬਿਰੜਵਾਲ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਯੋਜਨਾ ਸਵਾਗਤਯੋਗ ਹੈ ਜਿਸ ਨੂੰ ਪੰਜਾਬ ਦੇ ਹਾਲਾਤ ਅਨੁਸਾਰ ਹੋਰ ਬਿਹਤਰ ਬਣਾਉਣ ਦੀ ਲੋੜ ਹੈ ਪ੍ਰੰਤੂ ਇਹ ਯੋਜਨਾ ਇੱਕ ਠੇਕੇਦਾਰ ਨੂੰ ਦਿੱਤੀ ਗਈ ਹੈ ਜੋ ਐਨਜੀਓ ਦੇ ਨਾਂ ਹੇਠ ਇਸ ਦੀ ਸਪਲਾਈ ਕਰੇਗਾ। ਬੱਚਿਆਂ ਨੂੰ ਖਾਣਾ ਬਣਾ ਕੇ ਸਕੂਲਾਂ ਨੂੰ ਸਪਲਾਈ ਕਰਨ ਦਾ ਠੇਕੇਦਾਰੀ ਸਿਸਟਮ ਦਾ ਤਜ਼ਰਬਾ ਪਹਿਲਾਂ ਹੀ ਪੰਜਾਬ ਭੁਗਤ ਚੁੱਕਾ ਹੈ। ਪਰ ਹੁਣ ਕੇਂਦਰ ਸਰਕਾਰ ਸਮੁੱਚੇ ਦੇਸ਼ ਵਿੱਚ ਸਵੇਰ ਦੇ ਨਾਸ਼ਤੇ ਦਾ ਠੇਕਾ ਠੇਕੇਦਾਰਾਂ ਨੂੰ ਦੇ ਚੁੱਕੀ ਹੈ, ਜੋ ਅਤਿ ਨਿੰਦਣਯੋਗ ਹੈ। ਇਸ ਸਕੀਮ ਵਿੱਚ ਸੂਬਾ ਸਰਕਾਰਾਂ ਨੇ ਵੀ ਆਪਣਾ ਹਿੱਸਾ ਪਾਉਣਾ ਹੈ ਅਤੇ ਸੂਬਾ ਸਰਕਾਰਾਂ ਨੂੰ ਆਪਣੇ ਭੂਗੋਲਿਕ ਹਾਲਾਤ ਅਨੁਸਾਰ ਇਸ ਸਕੀਮ ਨੂੰ ਲਾਗੂ ਕਰਨਾ ਚਾਹੀਦਾ ਸੀ ਪਰ ਇਸ ਦੇ ਮੰਤਰੀ ਦਾ ਉਦਘਾਟਨ ਕਰਨ ਲੱਗੇ ਹੋਏ ਹਨ। ਫਰੰਟ ਦੀਆਂ ਆਗੂ ਬੀਬੀਆਂ ਨੇ ਕਿਹਾ ਕਿ ਠੇਕੇਦਾਰੀ ਪ੍ਰਣਾਲੀ ਤੁਰੰਤ ਵਾਪਸ ਲਈ ਜਾਵੇ।