ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਬਿਜਲੀ ਵੰਡ ਖੇਤਰ ਨਿੱਜੀ ਅਦਾਰਿਆਂ ਨੂੰ ਸੌਂਪਣ ਵਿਰੁੱਧ ਬਿਜਲੀ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ 29 ਸਤੰਬਰ ਨੂੰ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਪ੍ਰਦਰਸ਼ਨ ਕਰਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨਗੇ। ਪ੍ਰਦਰਸ਼ਨ ਪੀ.ਐੱਸ.ਈ.ਬੀ. ਐਂਪਲਾਈਜ਼ ਜੁਆਇੰਟ ਫੋਰਮ ਦੇ ਫੈਸਲੇ ਅਨੁਸਾਰ ਕੀਤੇ ਜਾਣਗੇ। ਇਹ ਫੈਸਲਾ ਸਾਥੀ ਕੁਲਦੀਪ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਜੁਆਇੰਟ ਫੋਰਮ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਕਰਮਚੰਦ ਭਾਰਦਵਾਜ, ਬਲਦੇਵ ਸਿੰਘ ਮੰਢਾਲੀ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਹਰਜੀਤ ਸਿੰਘ, ਬਲਵਿੰਦਰ ਸਿੰਘ ਸੰਧੂ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ, ਮਨਜੀਤ ਕੁਮਾਰ, ਜਗਦੀਪ ਸਿੰਘ ਸਹਿਗਲ, ਮਨਜੀਤ ਕੁਮਾਰ, ਗੁਰਕਮਲ ਸਿੰਘ ਅਤੇ ਗੁਰਦਿੱਤ ਸਿੰਘ ਸਿੱਧੂ ਆਦਿ ਹਾਜ਼ਰ ਸਨ। ਫੋਰਮ ਦੇ ਆਗੂ ਕਰਮਚੰਦ ਭਾਰਦਵਾਜ ਅਤੇ ਹੋਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਪਾਵਰ ਮੰਤਰਾਲੇ ਵੱਲੋਂ ਸਤੰਬਰ 2022 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਸਬੰਧੀ ਮੁਲਾਜ਼ਮਾਂ ਤੇ ਖਪਤਕਾਰਾਂ ਵਿੱਚ ਰੋਸ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2020 ਨੂੰ ਜਨਤਾ ਦੇ ਵਿਰੋਧ ਕਾਰਨ ਸਥਾਈ ਸੰਸਦੀ ਕਮੇਟੀ ਪਾਸ ਭੇਜਣਾ ਪਿਆ। ਹੁਣ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਬਿਜਲੀ ਅਦਾਰਿਆਂ ਅੰਦਰ ਬਿਜਲੀ ਵੰਡ ਸਿਸਟਮ ਨਿੱਜੀ ਅਦਾਰਿਆ ਨੂੰ ਸੌਂਪਣ ਲਈ ਟੇਢੇ ਢੰਗ ਨਾਲ ਨੋਟੀਫਿਕੇਸ਼ਨ ਜਾਰੀ ਕਰਕੇ ਨਿੱਜੀਕਰਨ ਕਰ ਰਹੀ ਹੈ। ਨਿਜੀ ਕੰਪਨੀਆਂ ਨੂੰ ਇਹ ਕੰਮ ਸੌਂਪਣ ਲਈ ਨਗਰ ਪਾਲਿਕਾ ਅਤੇ ਜ਼ਿਲ੍ਹਿਆਂ ਦੀ ਹੱਦ ਤੈਅ ਕੀਤੀ ਜਾ ਰਹੀ ਹੈ। ਆਗੂਆਂ ਇਹ ਨੋਟੀਫਿਕੇਸ਼ਨ ਰੱਦ ਨਾ ਕਰਨ ਦੀ ਸੂਰਤ ’ਚ ਸਖਤ ਵਿਰੋਧ ਕਰਨ ਦੀ ਚਿਤਾਵਨੀ ਦਿੱਤੀ।