ਗੁਰਨਾਮ ਸਿੰਘ ਚੌਹਾਨ
ਪਾਤੜਾਂ, 10 ਸਤੰਬਰ
ਪਿੰਡ ਜੈਖਰ ਵਿੱਚ ਝੋਨੇ ਦੀ ਪਰਾਲੀ ਤੋਂ ਬਾਇਓ ਗੈਸ ਬਣਾਏ ਜਾਣ ਲਈ ਆਰਐੱਨਜੀ ਕੰੰਪਨੀ ਵੱਲੋਂ ਲਾਏ ਜਾ ਰਹੇ ਪਲਾਂਟ ਦਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਦਾ ਖਦਸ਼ਾ ਜਾਹਿਰ ਕਰਦਿਆਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦੇ ਵਿਰੋਧ ਕਾਰਨ ਕੰਪਨੀ ਨੂੰ ਕਈ ਵੱਡੇ ਬੋਰ ਕਰਨ ਵਿਚ ਦਿੱਕਤ ਆ ਰਹੀ ਹੈ। ਕੰਪਨੀ ਦੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਤਹਿਸੀਲ ਕੰਪਲੈਕਸ ਪਾਤੜਾਂ ’ਚ ਕੀਤੀ ਮੀਟਿੰਗ ਦੌਰਾਨ ਕੰਪਨੀ ਅਧਿਕਾਰੀ ਪਾਣੀ ਦੂਸ਼ਿਤ ਨਾ ਹੋਣ ਬਾਰੇ ਕੋਈ ਤਸੱਲੀ ਨਹੀਂ ਕਰਵਾ ਸਕੇ। ਪਿੰਡ ਵਾਸੀਆਂ ਤੇ ਪ੍ਰਸ਼ਾਸਨ ਵੱਲੋਂ ਪੀਣ ਵਾਲੇ ਪਾਣੀ ਵਾਸਤੇ ਹੀ ਇੱਕ ਬੋਰ ਕਰਨ ਦੀ ਕੰਪਨੀ ਨੂੰ ਇਜਾਜ਼ਤ ਦਿੱਤੇ ਜਾਣ ਮਗਰੋਂ ਕੰਪਨੀ ਲਈ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ।
ਸਰਪੰਚ ਮੋਹਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਨਿਧਾਨ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਪੰਚ, ਗੁਰਿੰਦਰਪਾਲ ਸਿੰਘ, ਸਵਰਨ ਸਿੰਘ ਫੌਜੀ ਅਤੇ ਲਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਆਰਐੱਨਜੀ ਕੰਪਨੀ ਵੱਲੋਂ ਕੁਝ ਮਹੀਨੇ ਪਹਿਲਾਂ ਕਰੀਬ 13 ਏਕੜ ਜ਼ਮੀਨ ਖ਼ਰੀਦ ਕੇ ਪਰਾਲੀ ਤੋਂ ਬਾਇਓ ਗੈਸ ਤਿਆਰ ਕਰਨ ਦਾ ਪ੍ਰਾਜੈਕਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਲੋਕਾਂ ਵਿੱਚ ਪਹਿਲਾਂ ਭਾਰੀ ਉਤਸ਼ਾਹ ਸੀ। ਜਦੋਂ ਕੰਪਨੀ ਵੱਲੋਂ ਪਲਾਂਟ ਅੰਦਰ ਬੋਰ ਲਗਾਉਣ ਲਈ ਮਸ਼ੀਨ ਲਿਆਂਦੀ ਗਈ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਪਲਾਂਟ ਅੰਦਰ ਦਰਜਨ ਤੋਂ ਵੱਧ ਬੋਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਬੋਰਾਂ ਰਾਹੀਂ ਪਲਾਂਟ ਦਾ ਕੈਮੀਕਲ ਯੁਕਤ ਪਾਣੀ ਧਰਤੀ ਵਿੱਚ ਸੁੱਟਿਆ ਜਾਵੇਗਾ। ਭਵਿੱਖ ਨੂੰ ਲੈ ਕੇ ਚਿੰਤਤ ਲੋਕਾਂ ਨੇ ਕੰਪਨੀ ਨੂੰ ਬਾਹਰ ਗੇਟ ਕੋਲ ਇਕ ਬੋਰ ਕਰਨ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕੰਪਨੀ ਅਧਿਕਾਰੀ ਮੀਟਿੰਗ ਦੌਰਾਨ ਪਾਣੀ ਨੂੰ ਧਰਤੀ ਹੇਠ ਪਾਉਣ ਤੋਂ ਪਹਿਲਾਂ ਉਸ ਨੂੰ ਸ਼ੁੱਧ ਕਰਨ ਬਾਰੇ ਕੋਈ ਤਸੱਲੀ ਨਹੀਂ ਕਰਵਾ ਸਕੇ ਤਾਂ ਬੋਰ ਕੀਤੇ ਜਾਣ ਦਾ ਕੰਮ ਰੋਕ ਦਿੱਤਾ ਗਿਆ ਹੈ।
ਕੰੰਪਨੀ ਅਧਿਕਾਰੀ ਵੱਲੋਂ ਦਿੱਤੇ ਭਰੋਸੇ ਨੂੰ ਬੂਰ ਨਾ ਪਿਆ
ਆਰਐੱਨਜੀ ਕੰੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀਨੇਸ਼ ਨਾਗਪਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਨਾ ਹੋਣ ਦੇ ਦਿਵਾਏ ਗਏ ਭੋਰਸੇ ’ਤੇ ਪਿੰਡ ਵਾਸੀਆਂ ਨੂੰ ਜਦੋਂ ਸਹਿਮਤ ਨਹੀਂ ਕਰ ਸਕੇ ਤਾਂ ਪਿੰਡ ਦੇ ਲੋਕਾਂ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀ ਇੱਕ ਬੋਰ ਬਾਹਰ ਗੇਟ ਕੋਲ ਕਰਕੇ ਪ੍ਰਾਜੈਕਟ ਨੂੰ ਚਲਾ ਸਕਦੀ ਹੈ। ਜੇਕਰ ਕੰਪਨੀ ਨੇ ਇਕ ਤੋਂ ਵੱਧ ਬੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।