ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਕਤੂਬਰ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪਟਿਆਲਾ ਸ਼ਹਿਰ ’ਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਤਹੱਈਆ ਕਰਦਿਆਂ ਸ਼ਹਿਰ ਵਿਚਲੀਆਂ ਸੜਕਾਂ ’ਤੇ ‘ਜ਼ੀਰੋ ਟਾਲਰੈਂਸ ਜ਼ੋਨਜ਼’ ਬਣਾਏ ਜਾ ਰਹੇ ਹਨ। ਅਜਿਹੇ ਜ਼ੋਨਾਂ ਦੇ ਘੇਰੇ ’ਚ ਆਉਣ ਵਾਲੇ ਖੇਤਰਾਂ ’ਚ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਹਰਬਾ ਵਰਤਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇੱਥੇ ਅੱਜ ਸੜਕ ਸੁਰੱਖਿਆ ਕਮੇਟੀ ਦੀ ਅੱਜ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਤੇ ਟਰੈਫਿਕ ਪੁਲੀਸ ਨੂੰ ਇਸ ਪਾਸੇ ਵਧੇਰੇ ਤਵੱਜੋ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਦਾ ਤਰਕ ਸੀ ਕਿ ਨਾ ਕੇਵਲ ਤਿਓਹਾਰਾਂ ਦੇ ਦਿਨਾਂ ਬਲਕਿ ਆਮ ਦਿਨਾਂ ’ਚ ਵੀ ਸ਼ਹਿਰ ’ਚ ਆਵਾਜਾਈ ਦੀ ਸਮੱਸਿਆ ਦਾ ਪੱਕੇ ਤੌਰ ’ਤੇ ਸਮਾਧਾਨ ਕੀਤਾ ਜਾਵੇ। ਇਸ ਨੂੰ ਇੱਕ ਮਿਸ਼ਨ ਵਜੋਂ ਲੈ ਕੇ ਚੱਲਣ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਆਵਾਜਾਈ ਸੁਖਾਲੀ ਬਣਾਉਣ ਲਈ ਇਨ੍ਹਾਂ ਦਿਨਾਂ ’ਚ ਕੀਤੀ ਜਾਣ ਵਾਲੀ ਕਾਰਵਾਈ ਨੂੰ ਆਵਾਜਾਈ ਦੀ ਸਮੱਸਿਆ ਦੇ ਮੁਕੰਮਲ ਸਮਾਧਾਨ ਲਈ ਇੱੱਕ ਟਰਾਇਲ ਮੰਨ ਕੇ ਚੱਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੁਰੱਖਿਅਤ ਆਵਾਜਾਈ ਲਈ ਟਰੈਫਿਕ ਪੁਲੀਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜਾਵੇ।
ਉਨ੍ਹਾਂ ਜ਼ਿਲ੍ਹੇ ਦੀਆਂ ਸੜਕਾਂ ਉਪਰ ਵਧੇਰੇ ਹਾਦਸਿਆਂ ਵਾਲੇ ਪਛਾਣ ਕੀਤੇ 55 ਬਲੈਕ ਸਪਾਟਾਂ ਵਿੱਚ ਹਾਦਸੇ ਘਟਾਉਣ ਲਈ ਮੀਟਿੰਗ ਵਿੱਚ ਮੌਜੂਦ ਏ.ਡੀ.ਸੀ. (ਜੀ) ਗੁਰਪ੍ਰੀਤ ਸਿੰਘ ਥਿੰਦ ਤੇ ਐੱਸ.ਪੀ. (ਪੀ.ਬੀ.ਆਈ. ਤੇ ਟਰੈਫਿਕ) ਰਾਕੇਸ਼ ਕੁਮਾਰ ਨੂੰ ਕਿਹਾ ਕਿ ਉਹ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਕਾਰਵਾਈ ਕਰਨੀ ਯਕੀਨੀ ਬਣਾਉਣ ਤਾਂ ਕਿ ਕੀਮਤੀ ਜਾਨਾਂ ਅਜਾਈਂ ਨਾ ਜਾਣ। ਸਾਕਸ਼ੀ ਸਾਹਨੀ ਨੇ ਸੜਕਾਂ ਨੂੰ ਹਾਦਸਾ ਰਹਿਤ ਬਣਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ’ਚ ਟਰੈਫਿਕ ਮਾਰਸ਼ਲਾਂ ਦੀਆਂ ਸੇਵਾਵਾਂ ਲੈਣ ’ਤੇ ਵੀ ਜ਼ੋਰ ਦਿੱਤਾ।