ਪੱਤਰ ਪ੍ਰੇਰਕ
ਰਾਜਪੁਰਾ, 23 ਅਗਸਤ
ਇਥੋਂ ਦੀ ਸਮਾਜ ਸੇਵੀ ਸੰਸਥਾ ਕਿਰਤਦਾਨ ਗਰੁੱਪ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਫੋਕਲ ਪੁਆਇੰਟ ਵਿੱਚ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਰਾਜਿੰਦਰ ਸਿੰਘ ਚਾਨੀ, ਐਡਵੋਕੇਟ ਨਰਿੰਦਰ ਸਿੰਘ, ਮਨਜੀਤ ਸਿੰਘ, ਭੁਪਿੰਦਰ ਸਿੰਘ ਮਿੰਨੀ ਅਤੇ ਅਮਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਬਰਸਾਤ ਦੇ ਚਾਲੂ ਸੀਜ਼ਨ ਦੌਰਾਨ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਇੱਕ ਹਜ਼ਾਰ ਪੌਦੇ ਲਗਾਏ ਜਾਣਗੇ, ਜਿਨ੍ਹਾਂ ਵਿੱਚੋਂ ਕਰੀਬ 500 ਪੌਦੇ ਲਗਾਏ ਜਾ ਚੁੱਕੇ ਹਨ।
ਪਟਿਆਲਾ (ਪੱਤਰ ਪ੍ਰੇਰਕ): ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਵਾਤਾਵਰਨ ਸੰਭਾਲ ਹਰਿਆਲੀ ਲਈ ‘ਹਰ ਮਨੁੱਖ ਲਾਵੇ ਦੋ ਰੁੱਖ’ ਮੁਹਿੰਮ ਤਹਿਤ 75 ਵਾਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਂਦਿਆਂ ਪਾਸੀ ਰੋਡ ’ਤੇ ਅੰਬ, ਅਮਰੂਦ, ਕਚਨਾਰ, ਅਨਾਰ ਤੇ ਆਮਲੇ ਦੇ 75 ਬੂਟੇ ਲਾਏ ਗਏ। ਇਸ ਦੌਰਾਨ ਬਨਵਾਰੀ ਲਾਲ ਸ਼ਰਮਾ, ਚਰਨਪਾਲ ਸਿੰਘ ਤੇ ਉਪਕਾਰ ਸਿੰਘ ਵੱਲੋਂ ਤ੍ਰਿਵੇਣੀ ਵੀ ਲਾਈ ਗਈ।
ਇਸੇ ਤਰ੍ਹਾਂ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਅਤੇ ਗ੍ਰਾਮ ਪੰਚਾਇਤ ਪਿੰਡ ਹਸਨਪੁਰ ਵੱਲੋਂ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਵਣ ਮਹਾ ਉਤਸਵ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪਿੰਡ ਵਿੱਚ ਸਾਂਝੀਆਂ ਥਾਵਾਂ ’ਤੇ 600 ਬੂਟੇ ਲਗਾਏ ਅਤੇ ਲੋਕਾਂ ਨੂੰ ਘਰਾਂ ਵਿੱਚ ਫਲਦਾਰ ਪੌਦੇ ਵੰਡੇ ਗਏ।