ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪਿੰਡ ਬਹਿਰ ਸਾਹਿਬ ਵਿਖੇ 15 ਅਗਸਤ ਨੂੰ ਨੌਜਵਾਨ ਰਾਂਝਾ ਰਾਮ ਦੇ ਹੋਏ ਕਤਲ ਕੇਸ ਵਿੱਚ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹੀ ਹੈ। ਵਾਲਮੀਕਿ ਮਹਾਂ ਪੰਚਾਇਤ ਤੇ ਮ੍ਰਿਤਕ ਦੇ ਵਾਰਸਾਂ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਰੋਸ ਜ਼ਾਹਿਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਐਤਵਾਰ ਤੱਕ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸੋਮਵਾਰ ਨੂੰ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਪਿੰਡ ਬਹਿਰ ਸਾਹਿਬ ਦੇ ਮੰਦਿਰ ਵਿੱਚ ਅਖਿਲ ਵਾਲਮੀਕਿ ਮਹਾਂ ਪੰਚਾਇਤ ਦੇ ਕੌਮੀ ਪ੍ਰਧਾਨ ਸ਼ਿਵ ਕੁਮਾਰ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੇ ਦੋ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ, ਪੰਜਾਹ ਲੱਖ ਰੁਪਏ ਮੁਆਵਜ਼ਾ ਦੇਣ ਦੇ ਨਾਲ ਨਾਲ ਮੁਲਜ਼ਮਾਂ ਨੂੰ ਐਤਵਾਰ ਤੱਕ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਥਾਣਾ ਸ਼ੁਤਰਾਣਾ ਦੇ ਇੰਚਾਰਜ ਮੋਹਣ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਨਿਰਮਲ ਸਿੰਘ, ਨਰੈਣ ਸਿੰਘ ਢਾਬੀ ਗੁਜਰਾਂ, ਰਾਜੂ ਭਾਗਲ, ਮੋਹਨ ਲੋਟ ਹਿਸਾਰ, ਗੁਰਜੰਟ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸੂਬਾ ਰਾਮ ਠਰੂਆ, ਪਵਨ ਅਰਨੋਂ ਹਾਜ਼ਰ ਸਨ।