ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 24 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਪਟਿਆਲਾ ਜ਼ਿਲ੍ਹੇ ਦੇ 60 ਫੀਸਦੀ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਸੌ ਫੀਸਦੀ ਰਹੀ। ਜ਼ਿਲ੍ਹੇ ਦੇ 110 ਸਕੂਲਾਂ ਵਿੱਚੋਂ 66 ਸਕੂਲਾਂ ਦੇ ਨਤੀਜੇ ਸੌ ਫੀਸਦੀ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ 12ਵੀਂ ਦੇ ਨਾਨ ਮੈਡੀਕਲ ਗਰੁੱਪ ’ਚ ਪਟਿਆਲਾ ਜ਼ਿਲ੍ਹੇ ’ਚੋਂ ਅੱਵਲ ਰਹੀ ਸੋਨਲ ਨੂੰ ਵੀਡੀਓ ਕਾਲ ਕਰਕੇ ਮੁਬਾਰਕਬਾਦ ਦਿੰਦਿਆਂ ਅਗਲੀ ਪੜ੍ਹਾਈ ਲਈ ਦਾਖਲੇ ਸਬੰਧੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਨੇ ਦੱਸਿਆ ਕਿ ਸੌ ਫੀਸਦੀ ਨਤੀਜਿਆਂ ਵਾਲੇ ਸਕੂਲਾਂ ’ਚ ਦੋ ਸਕੂਲ ਅਜਿਹੇ ਹਨ ਜਿਨ੍ਹਾਂ ’ਚ 200 ਤੋਂ ਵਧੇਰੇ ਵਿਦਿਆਰਥੀਆਂ ਨੇ ਅਤੇ 9 ਸਕੂਲ ਅਜਿਹੇ ਹਨ ਜਿਨ੍ਹਾਂ ’ਚੋਂ 100 ਤੋਂ ਵਧੇਰੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਪਾਸ ਕੀਤੀ। ਉਨਾਂ ਦੱਸਿਆ ਕਿ 50 ਸਕੂਲ ਅਜਿਹੇ ਹਨ, ਜਿਨ੍ਹਾਂ ’ਚ 40 ਤੋਂ ਵਧੇਰੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਪਾਸ ਕੀਤੀ। ਸਰਕਾਰੀ ਸਕੂਲਾਂ ਦੇ ਨਤੀਜਿਆਂ ’ਚ ਪਿਛਲੇ ਵਰੇ ਨਾਲੋਂ ਲਗਭਗ 6 ਫੀਸਦੀ ਵਾਧਾ ਹੋਇਆ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਹਰਿੰਦਰ ਕੌਰ ਨੇ ਜ਼ਿਲ੍ਹੇ ਦੇ ਸਕੂਲਾਂ ਦੇ ਸ਼ਾਨਦਾਰ ਨਤੀਜਿਆਂ ਲਈ ਸਮੂਹ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਤੇ ਪੜੋ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ।
ਰਾਜਪੁਰਾ (ਪੱਤਰ ਪ੍ਰੇਰਕ): ਪੁਰਾਣਾ ਰਾਜਪੁਰਾ ਦੇ ਕਾਲਕਾ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਮਨਿੰਦਰਪਾਲ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਸਕੂਲ ਦੇ 65 ਵਿਦਿਆਰਥੀਆਂ ਵਿੱਚੋਂ 8 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਅਤੇ 32 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ। ਸਕੂਲ ਦੀ ਵਿਦਿਆਰਥਣ ਨੈਨਸੀ ਨੇ 95.11 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਦੇ ਅਹਾਤੇ ਵਿੱਚ ਕਰਵਾਏ ਗਏ ਸਾਦਾ ਸਮਾਰੋਹ ਦੌਰਾਨ ਸਕੂਲ ਦੀ ਪ੍ਰਿੰਸੀਪਲ ਮੈਡਮ ਮਨਿੰਦਰਪਾਲ ਕੌਰ ਅਤੇ ਸਮੂਹ ਸਟਾਫ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਣਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੇਠਾ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਵੋਕੇਸ਼ਨਲ ਗਰੂਪ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਪਹਿਲਾ ਅਤੇ ਕੁਲਦੀਪ ਕੌਰ ਤੇ ਗੁਰਧਿਆਨ ਸਿੰਘ ਨੇ ਦੂਜਾ ਤੇ ਬੰਟੂ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਆਰਟਸ ਗਰੁੱਪ ਵਿੱਚੋਂ ਮਨਦੀਪ ਕੌਰ, ਸਿਮਰਨਜੀਤ ਕੌਰ ਤੇ ਅਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਸਰਕਾਰੀ ਸਕੂਲ ਪੰਜੌਲਾ ਦੇ ਵਿਦਿਆਰਥੀ ਮੋਹਰੀ
ਦੇਵੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੌਲਾ ਦਾ ਨਤੀਜਾ ਸ਼ਾਨਦਾਰ ਰਿਹਾ। ਸਾਇੰਸ ਗਰੁੱਪ ਵਿੱਚ ਜਸ਼ਨਪ੍ਰੀਤ ਕੌਰ ਨੇ 96 ਪ੍ਰਤੀਸ਼ਤ, ਮਧੂ ਸੂਦਨ ਨੇ 94 ਪ੍ਰਤੀਸ਼ਤ, ਹਰਜਿੰਦਰ ਸਿੰਘ ਨੇ 85 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ ਜਸਪ੍ਰੀਤ ਕੌਰ ਨੇ 93 ਫੀਸਦੀ ਅੰਕ, ਰੀਤਿਕਾ ਸ਼ਰਮਾ ਨੇ 92 ਪ੍ਰਤੀਸ਼ਤ, ਹੁਸਨਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਲਏ। ਸਕੂਲ ਪ੍ਰਿੰਸੀਪਲ ਦਮਨਜੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਸਾਇੰਸ ਸਟਰੀਮ ਦਾ ਨਤੀਜਾ ਸੌ ਫੀਸਦੀ ਰਿਹਾ।