ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 24 ਸਤੰਬਰ
ਇਥੋਂ ਦੀ ਅਨਾਜ ਮੰਡੀ ਵਿੱਚ ਲੰਘੇ ਦੋ ਦਿਨਾਂ ਦੌਰਾਨ ਆਮਦ ਹੋਈ ਹਜ਼ਾਰਾਂ ਕੁਇੰਟਲ ਝੋਨੇ ਦੀ ਖਰੀਦ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਕਾਰ ਰੇੜਕਾ ਬਰਕਰਾਰ ਹੈ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਨੀਵਾਰ ਤੱਕ ਝੋਨੇ ਦੀ ਸਰਕਾਰੀ ਖਰੀਦ ਜਾਂ ਬਗੈਰ ਸਰਕਾਰੀ ਖਰੀਦ ਬੋਰੀਆਂ ਵਿੱਚ ਭਰਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸੜਕ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਥੋਂ ਦੀ ਅਨਾਜ ਮੰਡੀ ਵਿੱਚ ਦੋ ਦਿਨਾਂ ਦੌਰਾਨ ਹਜ਼ਾਰਾਂ ਕੁਇੰਟਲ ਝੋਨੇ ਦੀ ਫਸਲ ਦੀ ਆਮਦ ਹੋਈ ਹੈ। ਪ੍ਰੰਤੂ ਸਰਕਾਰ ਵੱਲੋਂ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਜਸਮੇਰ ਸਿੰਘ ਕਬੂਲਪੁਰ, ਗੁਰਦੇਵ ਸਿੰਘ ਜੰਡੌਲੀ, ਮਨਜੀਤ ਸਿੰਘ ਘੁੰਮਾਣਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਮਾਰਕੀਟ ਕਮੇਟੀ ਦੇ ਸੁਪਰਡੰਟ ਗੁਰਦੀਪ ਸਿੰਘ ਸਮੇਤ ਹੋਰਨਾਂ ਵੱਲੋਂ ਮੀਟਿੰਗ ਕੀਤੀ ਗਈ।
ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਕੀਤੀ ਜਾਵੇ। ਪ੍ਰੰਤੂ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹਨ ਕਿ ਜਦੋਂ ਤੱਕ ਝੋਨੇ ਦੀ ਸਰਕਾਰੀ ਖਰੀਦ ਆਰੰਭ ਨਹੀਂ ਹੋ ਜਾਂਦੀ। ਉਦੋਂ ਤੱਕ ਝੋਨੇ ਦੀ ਬੋਲੀ ਨਾ ਲਗਾਈ ਜਾਵੇ ਅਤੇ ਨਾ ਹੀ ਬੋਰੀਆਂ ਵਿੱਚ ਭਰਿਆ ਜਾਵੇ ਜਿਸ ’ਤੇ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਜਾਂਦੀ। ਉਦੋਂ ਤੱਕ ਆੜ੍ਹਤੀ ਫਸਲ ਨੂੰ ਬੋਰੀਆਂ ਵਿੱਚ ਭਰ ਕੇ ਸਾਂਭ ਲੈਣ। ਪ੍ਰੰਤੂ ਇਸ ’ਤੇ ਵੀ ਪ੍ਰਸ਼ਾਸਨ ਨਾਲ ਆੜ੍ਹਤੀ ਐਸੋਸੀਏਸ਼ਨ ਅਤੇ ਸੰਯੁਕਤ ਕਿਸਾਨ ਆਗੂਆਂ ਵਿਚਕਾਰ ਸਹਿਮਤੀ ਨਾ ਬਣ ਸਕੀ। ਇਸ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਪ੍ਰਸ਼ਾਸਨ ਨੇ ਕੱਲ੍ਹ ਤੱਕ ਝੋਨੇ ਦੀ ਸਰਕਾਰੀ ਖਰੀਦ ਜਾਂ ਬਿਨਾਂ ਖਰੀਦਿਆਂ ਝੋਨਾ ਬੋਰੀਆਂ ਵਿੱਚ ਨਾ ਭਰਿਆ ਤਾਂ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ।