ਘਨੌਰ (ਪੱਤਰ ਪੇ੍ਰਕ): ਇਸ ਖੇਤਰ ਵਿੱਚ ਵੀਰਵਾਰ ਦੇਰ ਸ਼ਾਮ ਨੂੰ ਆਏ ਝੱਖੜ ਕਾਰਨ ਠੱਪ ਹੋਈ ਬਿਜਲੀ ਸਪਲਾਈ ਦਰਜਨਾਂ ਪਿੰਡਾਂ ਵਿੱਚ ਚਾਰ ਦਿਨ ਬਾਅਦ ਵੀ ਬਹਾਲ ਨਹੀਂ ਹੋ ਸਕੀ ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਅਤੇ ਪੀਣ ਦੇ ਪਾਣੀ ਦੀ ਘਾਟ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਲਕੇ ਵਿੱਚ ਪੈਂਦੀ ਪਾਵਰਕੌਮ ਦੀ ਬਹਾਦਰਗੜ੍ਹ, ਘਨੌਰ-1 ਅਤੇ ਘਨੌਰ-2 ਸਬ ਡਵੀਜ਼ਨਾਂ ਦੇ ਪਿੰਡ ਸ਼ਾਹਪੁਰ, ਅਜਰਾਵਰ, ਪੰਡਤਾਂ, ਨਰੜੂ, ਖੇੜੀ, ਨੱਥੂਮਾਜਰਾ, ਰਾਓਮਾਜਰਾ, ਘੁਮਾਣਾ, ਮਿੱਠੂਮਾਜਰਾ, ਸੋਗਲਪੁਰ, ਊਲਾਣਾ, ਸੋਨੇਮਾਜਰਾ, ਸਨੌਲੀਆਂ, ਕਾਮੀਂ ਕਲਾਂ ਅਤੇ ਝੁੰਗੀਆ ਸਮੇਤ ਕਰੀਬ ਦੋ ਦਰਜਨ ਪਿੰਡਾਂ ਵਿੱਚ ਚਾਰ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੈ। ਬਿਜਲੀ ਸਪਲਾਈ ਠੱਪ ਰਹਿਣ ਕਾਰਨ ਉਪਰੋਕਤ ਪਿੰਡਾਂ ਦੀਆਂ ਵਾਟਰ ਵਰਕਸਾਂ ਤੋਂ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਠੱਪ ਰਹਿਣ ਕਾਰਨ ਝੋਨੇ ਦੀ ਲੁਆਈ ਪੱਛੜਨ ਦੇ ਆਸਾਰ ਬਣਨ ਤੋਂ ਕਿਸਾਨ ਵੀ ਚਿੰਤਤ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਐਸ.ਡੀ.ਓ ਬਹਾਦਰਗੜ੍ਹ ਰਵੀ ਕੁਮਾਰ ਅਤੇ ਐਸ.ਡੀ.ਓ ਘਨੌਰ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ ਝੱਖੜ ਕਾਰਨ ਬਿਜਲੀ ਦੇ ਖੰਭਿਆ ਅਤੇ ਟ੍ਰਾਂਸਫਾਰਮਰਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪੁੱਜਿਆ ਹੈ। ਉਸੇ ਦਿਨ ਤੋਂ ਬਿਜਲੀ ਮੁਲਾਜਮ ਸਪਲਾਈ ਬਹਾਲ ਕਰਨ ਵਿੱਚ ਰੁਝੇ ਹੋਏ ਹਨ। ਪ੍ਰੰਤੂ ਕੰਮ ਦੀ ਬਹੁਤਾਤ ਦੇ ਮੁਕਾਬਲੇ ਮੁਲਾਜ਼ਮਾਂ ਦੀ ਘਾਟ ਹੈ। ਹੁਣ ਪਿੰਡ ਵਾਸੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਅੱਜ ਦੇਰ ਰਾਤ ਤੱਕ ਸਾਰੇ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਬਹਾਲ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਇੱਕ ਹਫਤਾ ਲੱਗ ਸਕਦਾ ਹੈ।