ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਅਕਤੂਬਰ
ਅਨਾਜ ਮੰਡੀ ਪਾਤੜਾਂ ਵਿੱਚ ਝੋਨੇ ਦੀ ਸਿੱਲ੍ਹ ਮਾਪਣ ਵਾਲੇ ਮੀਟਰ ਵੱਲੋਂ ਵੱਧ ਸਿੱਲ੍ਹ ਦਰਸਾਉਣ ਉਤੇ ਕਿਸਾਨ ਅਤੇ ਖਰੀਦ ਏਜੰਸੀ ਦੇ ਅਧਿਕਾਰੀ ਦਰਮਿਆਨ ਤਕਰਾਰ ਹੋ ਗਿਆ। ਖਰੀਦ ਏਜੰਸੀ ਦੇ ਧੱਕੇ ਦਾ ਸ਼ਿਕਾਰ ਹੋ ਰਹੇ ਕਿਸਾਨ ਵੱਲੋਂ ਰੌਲਾ ਪਾਉਣ ਮਗਰੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਮਲਾ ਮਾਰਕਿਟ ਕਮੇਟੀ ਪਾਤੜਾਂ ਦੇ ਧਿਆਨ ਵਿੱਚ ਲਿਆਉਣ ਬਾਅਦ ਏਜੰਸੀ ਦੇ ਇੰਸਪੈਕਟਰ ਨੇ ਗਲਤੀ ਮੰਨਦਿਆਂ ਅੱਗੇ ਤੋਂ ਮਾਰਕਿਟ ਕਮੇਟੀ ਦੇ ਮੀਟਰ ਨਾਲ ਨਮੀ ਮਾਪਣ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਕਿਸਾਨਾਂ ਨੇ ਉੱਚ ਅਧਿਕਾਰੀਆਂ ਤੋਂ ਇਸ ਘੁਟਾਲੇ ਨੂੰ ਬੰਦ ਕਰਨ ਸੀ ਮੰਗ ਕੀਤੀ। ਮਾਰਕੀਟ ਕਮੇਟੀ ਪਾਤੜਾਂ ਦੇ ਦਫ਼ਤਰ ’ਚ ਪਿੰਡ ਮੌਲਵੀਵਾਲਾ ਦੇ ਕਿਸਾਨ ਪ੍ਰੇੁਮ ਸਿੰਘ ਨੇ ਕਿਹਾ ਕਿ ਉਹ 29 ਸਤੰਬਰ ਨੂੰ ਝੋਨਾ ਅਨਾਜ ਮੰਡੀ ’ਚ ਲੈ ਕੇ ਆਇਆ ਸੀ। ਖਰੀਦ ਏਜੰਸੀ ਪਨਗ੍ਰੇਨ ਦੇ ਅਧਿਕਾਰੀ ਨੇ ਝੋਨੇ ਦੀ ਨਮੀ ਮਾਪਣ ਉਪਰੰਤ ਸਿੱਲ 18.6 ਦੱਸੀ। 3 ਦਿਨ ਝੋਨਾ ਸਕਾਉਣ ਬਾਅਦ ਵੀ ਖਰੀਦ ਏਜੰਸੀ ਦਾ ਮੀਟਰ ਝੋਨੇ ਵਿਚਲੀ ਸਿੱਲ੍ਹ ਪਹਿਲਾਂ ਵਾਲੀ ਹੀ ਦਰਸਾ ਰਿਹਾ ਸੀ ਜਦੋਂਕਿ ਤਿੰਨ ਹੋਰ ਮੀਟਰ ਝੋਨੇ ਵਿਚਲੀ ਨਮੀ 16.3 ਦੱਸ ਰਹੇ ਸੀ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਖਰੀਦ ਏਜੰਸੀਆਂ ਵਪਾਰੀਆਂ ਦੇ ਮੀਟਰਾਂ ਨਾਲ ਹੀ ਨਮੀ ਮਾਪ ਕੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਖੱਜਲ ਖੁਆਰ ਕਰ ਰਹੀਆਂ ਹਨ। ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਪਨਗ੍ਰੇਨ ਦੇ ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਮੀਟਰ ਖਰਾਬ ਹੋਣ ਕਰਕੇ ਉਨ੍ਹਾਂ ਨੇ ਇੱਕ ਨਿੱਜੀ ਮੀਟਰ ਵਰਤ ਲਿਆ ਸੀ ਅੱਗੇ ਤੋਂ ਉਹ ਮਾਰਕੀਟ ਕਮੇਟੀ ਵੱਲੋਂ ਦਿੱਤੇ ਮੀਟਰ ਨਾਲ ਹੀ ਨਮੀ ਨਾਪੀ ਜਾਵੇਗੀ। ਇਸੇ ਦੌਰਾਨ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਅੱਗੇ ਤੋਂ ਅਜਿਹੀ ਗਲਤੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸੁਖਦੇਵ ਸਿੰਘ ਜਿਉਣਪੁਰਾ, ਸੁਰਜੀਤ ਸਿੰਘ ਮਾਹਲ, ਕ੍ਰਿਸ਼ਨ ਸਿੰਘ ਦੁਗਾਲ ਆਦਿ ਹਾਜ਼ਰ ਸਨ।