ਹਰਿਆਣਾ, ਯੂਪੀ ਅਤੇ ਬਿਹਾਰ ਤੋਂ ਆ ਰਿਹਾ ਸੀ ਬਾਸਮਤੀ ਤੇ ਝੋਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਅਕਤੂਬਰ
ਸਾਉਣੀ ਦੇ ਸੀਜ਼ਨ ਦੌਰਾਨ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਆ ਰਹੇ ਝੋਨੇ ਅਤੇ ਬਾਸਮਤੀ ਦੇ ਟਰੱਕਾਂ ਨੂੰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਪਿੰਡ ਗੋਬਿੰਦਪੁਰਾ ਪੈਂਦ ਟੌਲ ਪਲਾਜ਼ਾ ਉਤੇ ਯੂਥ ਆਗੂ ਲੱਖਾ ਸਧਾਣਾ ਨੇ ਰੋਕ ਲਿਆ। ਇਸ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਕਿਸਾਨਾਂ ਦੇ ਨਾਲ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਸਿੱਧੂਪੁਰ ਦੇ ਕੁਝ ਆਗੂਆਂ ਤੋਂ ਇਲਾਵਾ ਪੰਜਾਬੀ ਲੋਕ ਗਾਇਕ ਗਲਵ ਵੜੈਚ ਤੇ ਸੈਕੂਲਰ ਯੂਥ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਵਿਰਕ ਨੇ ਪਹੁੰਚ ਕੇ ਸਮਰਥਨ ਦਿੱਤਾ। ਨਾਇਬ ਤਹਿਸੀਲਦਾਰ ਪਾਤੜਾਂ ਰਾਮ ਲਾਲ, ਡੀਐੱਸਪੀ ਬੂਟਾ ਸਿੰਘ ਗਿੱਲ ਅਤੇ ਫੂਡ ਸਪਲਾਈ ਅਫ਼ਸਰ ਮਨਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀ ਜ਼ਿੱਦ ’ਤੇ ਅੜੇ ਰਹੇ।
ਯੂਥ ਆਗੂ ਲੱਖਾ ਸਧਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਅਤੇ ਬਾਸਮਤੀ ਬਾਹਰਲੇ ਰਾਜਾਂ ਤੋਂ ਲਿਆਉਣ ਉੱਤੇ ਪਾਬੰਦੀ ਲਗਾਈ ਗਈ ਹੈ ਇਸ ਦੇ ਬਾਵਜੂਦ ਵਪਾਰੀ ਯੂਪੀ ਤੇ ਬਿਹਾਰ ਤੋਂ ਸਸਤੇ ਭਾਅ ਬਾਸਮਤੀ ਖਰੀਦ ਕੇ ਕਿਸਾਨਾਂ ਨੂੰ ਲੁੱਟ ਰਹੇ ਹਨ। ਪੰਜਾਬ ਦੀਆਂ ਮੰਡੀਆਂ ਵਿੱਚ ਲਿਆ ਕੇ ਝੋਨੇ ਦੀ ਫ਼ਸਲ ਸਰਕਾਰੀ ਖ਼ਰੀਦ ਉੱਤੇ ਭਰਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਪੂਰੀ ਸਖ਼ਤੀ ਨਾਲ ਬਾਹਰੋਂ ਆਉਣ ਵਾਲੇ ਝੋਨੇ ਨੂੰ ਨਹੀਂ ਰੋਕਦੀ ਉਦੋਂ ਤੱਕ ਟਰੱਕਾਂ ਵਾਲਿਆਂ ਨੂੰ ਸੂਬੇ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੂਬੇ ਵਿੱਚ ਵੱਖ ਵੱਖ ਥਾਵਾਂ ’ਤੇ ਚੱਲ ਰਹੇ ਪੱਕੇ ਮੋਰਚਿਆਂ ਉੱਤੇ ਬੈਠੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਇਹ ਹਰ ਮੋਰਚੇ ਉੱਤੇ ਬਾਹਰੋਂ ਆਉਣ ਵਾਲੇ ਝੋਨੇ ਦਾ ਵਿਰੋਧ ਕਰਨ।
ਇਸ ਦੌਰਾਨ ਡੀਐੱਸਪੀ ਪਾਤੜਾਂ ਬੂਟਾ ਸਿੰਘ ਗਿੱਲ ਨੇ ਕਿਹਾ ਹੈ ਕਿ ਪੂਰੀ ਪੁਲੀਸ ਫੋਰਸ ਨਾਲ ਮੌਕੇ ਉਤੇ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਦੂਜੇ ਪਾਸੇ ਨਾਇਬ ਤਹਿਸੀਲਦਾਰ ਰਾਮ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਸਾਰੀ ਸਥਿਤੀ ਤੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।
ਫੋਟੋਆਂ : ਧਰਨੇ ਉੱਤੇ ਬੈਠੇ ਕਿਸਾਨ ।