ਰਵੇਲ ਸਿੰਘ ਭਿੰਡਰ
ਪਟਿਆਲਾ, 17 ਅਪਰੈਲ
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਵੱਡੀ ਗਿਣਤੀ ’ਚ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਤੜਕ ਸਵੇਰੇ ਕਵਾੜ ਖੁੱਲ੍ਹਣ ਮਗਰੋਂ ਆਸਾ ਦੀ ਵਾਰ ਪਾਠ ਅਤੇ ਮੁੱਖ ਵਾਕ ਉਪਰੰਤ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਮਾਨਵਤਾ ਦੇ ਕਲਿਆਣ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਗੁਰੂ ਦਰਬਾਰ ’ਚ ਸੀਸ ਨਿਵਾਇਆ ਅਤੇ ਪਵਿੱਤਰ ਸਰੋਵਰ ’ਚ ਆਸਥਾ ਦੀ ਡੁੱਬਕੀ ਲਗਾਈ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੰਗਤਾਂ ਨੇ ਢਾਡੀ ਅਤੇ ਕਵੀਸ਼ਰੀ ਜਥਿਆਂ ਪਾਸੋਂ ਗੁਰੂ ਇਤਿਹਾਸ ਸੁਣਿਆ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਮਸਤਾਨਾ, ਭਾਈ ਕਰਨੈਲ ਸਿੰਘ ਛਾਪਾ, ਗੁਰਪਿਆਰ ਸਿੰਘ ਜੌਹਰ, ਭਾਈ ਲਖਵਿੰਦਰ ਸਿੰਘ ਪਾਰਸ, ਜਗਰਾਜ ਸਿੰਘ ਖੀਵਾਆਦਿ ਨੇ ਗੁਰੂ ਇਤਿਹਾਸ ਨਾਲ ਜੋੜਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਅਤੇ ਦਸਮੇਸ਼ ਪਿਤਾ ਵੱਲੋਂ ਕੀਤੀ ਗਈ ਖਾਲਸਾ ਪੰਥ ਦੀ ਸਿਰਜਣਾ ਦੀ ਉਸਤਤ ਕਰਦਿਆਂ ਸਿੱਖ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ, ਸ਼ਿਵੰਦਰ ਸਿੰਘ ਸੱਭਰਵਾਲ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਕਰਨੈਲ ਸਿੰਘ ਆਦਿ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਗੁਰਬਾਣੀ ਸਰਵਣ ਰਾਹੀਂ ਜੁੜਨ ਦਾ ਉਪਰਾਲਾ ਕੀਤਾ। ਇਸ ਦੌਰਾਨ ਹੋਰਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਟਾਫ ਆਦਿ ਹਾਜ਼ਰ ਸਨ।