ਰਵੇਲ ਸਿੰਘ ਭਿੰਡਰ
ਪਟਿਆਲਾ, 22 ਜੂਨ
ਐੱਨ. ਐੱਸ. ਕਿਊ. ਐਫ਼ ਵੋਕੇਸ਼ਨਲ ਅਧਿਆਪਕਾਂ ਦੀ ਸਰਕਾਰ ਨੇ ਅੱਜ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ। ਸਰਕਾਰ ਦੇ ਲਾਰਿਆਂ ਮਗਰੋਂ ਜਥੇਬੰਦੀ ਨੇ ਸੰਘਰਸ਼ ਨੂੰ ਹੋਰ ਮਘਾਉਣ ਦਾ ਫੈਸਲਾ ਲਿਆ ਹੈ। ਜਥੇਬੰਦੀ ਦੇ ਵਫ਼ਦ ਦੀ ਅੱਜ ਇਥੇ ਸਰਕਟ ਹਾਊਸ ’ਚ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਅਹਿਮ ਪੈਨਲ ਬੈਠਕ ਸੀ, ਜਿਸ ਨੂੰ ਜਥੇਬੰਦੀ ਨੇ ਫਲਾਪ ਘੋਸ਼ਿਤ ਕਰਦਿਆਂ ਦੇਰ ਸ਼ਾਮ ਸਰਕਾਰ ਖ਼ਿਲਾਫ਼ ਚੱਪਣੀ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਵੋਕੇਸ਼ਨਲ ਅਧਿਆਪਕਾਂ ਵੱਲੋਂ ਇਥੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ ਤੇ ਅਜਿਹੇ ਸੰਦਰਭ ’ਚ ਅੱਜ ਸਰਕਾਰ ਨਾਲ ਪੈਨਲ ਬੈਠਕ ਰੱਖੀ ਗਈ ਸੀ। ਜਥੇਬੰਦੀ ਰੈਗੂਲਰ ਸਮੇਤ ਹੋਰ ਮੰਗਾਂ ਪ੍ਰਵਾਨ ਕਰਨ ’ਤੇ ਜ਼ੋਰ ਦਿੰਦੀ ਰਹੀ। ਭਾਵੇਂ ਜਥੇਬੰਦੀ ਦੀ ਲੀਡਰਸ਼ਿਪ ਵੱਲੋਂ ਸਿੱਖਿਆ ਮੰਤਰੀ ਨੂੰ ਰੈਗੂਲਰ ਕਰਨ ਆਦਿ ਦੇ ਕਾਂਗਰਸ ਦੇ ਚੋਣ ਵਾਅਦੇ ਵੀ ਯਾਦ ਕਰਵਾਏ, ਪ੍ਰੰਤੂ ਆਖਰ ਬੈਠਕ ਬੇਸਿੱਟਾ ਹੀ ਰਹੀ। ਜਥੇਬੰਦੀ ਦੇ ਪ੍ਰਧਾਨ ਰਾਇ ਸਾਹਿਬ ਸਿੰਘ ਦੀ ਅਗਵਾਈ ਹੇਠ ਦੇਰ ਸ਼ਾਮ ਪੈਨਲ ਬੈਠਕ ’ਚ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਮਗਰੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਚੱਪਣੀਆਂ ਪਾਣੀ ’ਚ ਪਾ ਕੇ ਸਰਕਾਰ ਨੂੰ ਨੱਕ ਡੁਬੋਣ ਆਦਿ ਸ਼ਬਦਾਂ ਦੀ ਵਰਤੋਂ ਕਰਦਿਆਂ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸੰਘਰਸ਼ ਨੂੰ ਭਲਕੇ ਤੋਂ ਹੋਰ ਤਿੱਖਾ ਕੀਤਾ ਜਾ ਰਿਹਾ ਹੈ।
ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਸੰਘਰਸ਼ ਦੀ ਪੜਾਅਵਾਰ ਰੂਪ-ਰੇਖਾ ਉਲੀਕੀ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਅੱਗੇ ਸਰਕਾਰ ਨਰਮ ਪੈਣ ਵੱਲ ਨਹੀਂ ਆ ਰਹੀ। ਅੱਜ ਵੀ ਸੰਘਰਸ਼ੀ ਅਧਿਆਪਕਾਂ ਦੇ ਵਫ਼ਦ ਦੀ ਇਥੇ ਸਰਕਟ ਹਾਊਸ ’ਚ ਹੋਈ ਬੈਠਕ ’ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਅਧਿਆਪਕਾਂ ਨੇ ਸੰਘਰਸ਼ ਨੂੰ ਵਿਸ਼ਰਾਮ ਦੇਣ ਦੀ ਥਾਂ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਟਾਵਰ ਸੰਘਰਸ਼ੀ ਸੁਰਿੰਦਰਪਾਲ ਨਾਸਾਜ਼ ਸਿਹਤ ਦੇ ਬਾਵਜੂਦ ਅੱਜ ਵੀ 94ਵੇਂ ਦਿਨ ਵੀ ਸੰਘਰਸ਼ ’ਤੇ ਕਾਇਮ ਰਿਹਾ ਹੈ।
ਪਿਛਲੇ ਕਈ ਰੋਸ ਪ੍ਰਦਰਸ਼ਨਾਂ ਮਗਰੋਂ ਸਿੱਖਿਆ ਮੰਤਰੀ ਨਾਲ ਪੈਨਲ ਬੈਠਕ ਅੱਜ ਬੇਸਿੱਟਾ ਰਹਿਣ ਨਾਲ ਬੇਰੁਜ਼ਗਾਰ ਅਧਿਆਪਕਾਂ ’ਚ ਗੁੱਸੇ ਦੀ ਲਹਿਰ ਦੌੜ ਗਈ। ਇਹ ਬੈਠਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਯੂਨੀਅਨ ਦੇ ਸੂਬਾ ਪੱਧਰੀ ਵਫ਼ਦ ਦਰਮਿਆਨ ਭਾਵੇਂ ਕਾਫੀ ਚਿਰ ਚੱਲੀ ਪ੍ਰੰਤੂ ਅਖੀਰ ਬੈਠਕ ’ਚ ਕੁਝ ਵੀ ਨਿਕਲ ਕੇ ਨਹੀਂ ਆਇਆ। ਬੇਰੁਜ਼ਗਾਰ ਈ.ਟੀ.ਟੀ.ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਪਹਿਲਾਂ ਦੀਆਂ ਬੈਠਕਾਂ ਵਰਗੇ ਲਾਰੇ ਅੱਜ ਵੀ ਬੇਰੁਜ਼ਗਾਰਾਂ ਨੂੰ ਲਗਾਏ ਜਾਂਦੇ ਰਹੇ, ਪ੍ਰੰਤੂ ਯੂਨੀਅਨ ਸਿੱਖਿਆ ਮੰਤਰੀ ਦੇ ਕਿਸੇ ਵੀ ਤਰਕ ’ਤੇ ਸਹਿਮਤ ਨਹੀਂ ਹੋਈ। ਉਨ੍ਹਾਂ ਆਖਿਆ ਕਿ ਜਥੇਬੰਦੀ ਰੁਜ਼ਗਾਰ ਪ੍ਰਾਪਤੀ ਦਾ ਲਿਖਤੀ ਭਰੋਸਾ ਮੰਗਦੀ ਰਹੀ ਪ੍ਰੰਤੂ ਸਿੱਖਿਆ ਮੰਤਰੀ ਜਾਂ ਮਹਿਕਮੇ ਵੱਲੋਂ ਇਸ ਪਾਸੇ ਕੋਈ ਉਚਿਤਤਾ ਨਾ ਵਿਖਾਉਣ ਮਗਰੋਂ ਆਖਿਰ ਜਥੇਬੰਦੀ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਆਦਿ ਨੇ ਕਿਹਾ ਕਿ ਯੂਨੀਅਨ ਨੇ ਆਪਣੇ ਹੱਕ ਸੁਰਖਿਅਤ ਰੱਖਣ ਲਈ ਰੁਜ਼ਗਾਰ ਪ੍ਰਾਪਤੀ ਦੀ ਮੰਗ ਮੰਨੇ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਇਸ ਨੂੰ ਹਰ ਪੜਾਅ ’ਤੇ ਤੇਜ਼ ਕਰਨ ਦਾ ਵੀ ਪ੍ਰੋਗਰਾਮ ਉਲੀਕਿਆ ਹੈ।