ਰਵੇਲ ਸਿੰਘ ਭਿੰਡਰ
ਪਟਿਆਲਾ, 14 ਮਾਰਚ
ਅਕਾਲੀ ਦਲ ‘ਸੁਤੰਤਰ’ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਅਜਿਹੇ ’ਚ ਉਨ੍ਹਾਂ ਨੇ ਸਮਾਜਿਕ ਤਾਲਮੇਲ ਮੁਹਿੰਮ ਫਿਲਹਾਲ ਠੱਪ ਕਰਕੇ ਘਰ ਹੀ ਇਕਾਂਤਵਾਸ ਰਹਿਣ ਨੂੰ ਤਰਜੀਹ ਦਿੱਤੀ ਹੈ। ਉਧਰ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਕਰੋਨਾ ਸੈਂਪਲ ਲਏ ਜਾਣ ਦੀ ਮੁਹਿੰਮ ਦੌਰਾਨ ਅੱਜ ਵੀ ਸੱਤ ਵਿਦਿਆਰਥੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸੰਸਥਾ ਦੇ 16 ਵਿਦਿਆਰਥੀ ਪਹਿਲਾਂ ਵੀ ਪਾਜ਼ੇਟਿਵ ਪਾਏ ਗਏ ਸਨ। ਅਜਿਹੇ ’ਚ ਇਸ ਸੰਸਥਾ ’ਚ ਦੋ ਮਾਈਕਰੋ ਕੰਟੇਨਮੈਂਟ ਜ਼ੋਨ ਸਥਾਪਿਤ ਕੀਤੇ ਹੋਏ ਹਨ। ਇਸ ਸੰਸਥਾ ਦੇ ਡਿਪਟੀ ਰਜਿਸਟਰਾਰ ਵੀ ਪਾਜ਼ੇਟਿਵ ਪਾਏ ਗਏ ਸਨ, ਜਿਹੜੇ ਕਿ ਹੁਣ ਕੋਵਿਡ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਉਨ੍ਹਾਂ ਦੀ ਪਤਨੀ ਇਨੀਂ ਦਿਨੀਂ ਕਰੋਨਾ ਪਾਜ਼ੇਟਿਵ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਵੱਖ ਵੱਖ ਸਕੂਲਾਂ ਦੇ ਪੰਜ ਵਿਦਿਆਰਥੀਆਂ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ।