ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਸਤੰਬਰ
ਡੇਢ ਮਹੀਨੇ ਤੋਂ ਲਾਪਤਾ ਨੌਜਵਾਨ ਪੁੱਤ ਨੂੰ ਲੱਭਣ ਲਈ ਲਾਚਾਰ ਮਾਂ-ਬਾਪ ਦਰ ਦਰ ਭਟਕ ਰਹੇ ਹਨ। ਕਦੇ ਨਹਿਰ ਤੇ, ਕਦੇ ਥਾਣੇ ਤੇ ਕਦੇ ਉੱਚ ਅਧਿਕਾਰੀਆਂ ਦੇ ਦਰਬਾਰ ਜਾ ਕੇ ਉਹ ਜੁੱਤੀਆਂ ਘਸਾ ਰਹੇ ਹਨ ਪਰ ਕਿਸੇ ਵੱਲੋਂ ਕੋਈ ਥਹੁ ਪਤਾ ਲਗਾਉਣ ਦੀ ਆਸ ਨਹੀਂ ਦਿੱਸ ਰਹੀ। ਟਾਲ ਮਟੋਲ ਕਰਕੇ ਅਤੇ ਆਪਣੇ ਦੂਜੇ ਅਧਿਕਾਰੀਆਂ ਨੂੰ ਫ਼ੋਨ ਕਰਕੇ ਅਫਸਰ ਸਮਾ ਲੰਘਾ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਸਬੰਧਿਤ ਥਾਣੇ ਨੇ ਅਜੇ ਤੱਕ ਗੁਆਚੇ ਲੜਕੇ ਦੇ ਫ਼ੋਨ ਦੀ ਪਿਛਲੀ ਕਾਲ ਡਿਟੇਲ ਵੀ ਨਹੀਂ ਕਢਵਾਈ, ਜਿਸ ਨੂੰ ਕਢਵਾਉਣ ਲਈ ਲਾਪਤਾ ਨੌਜਵਾਨ ਦੇ ਮਾਂ ਬਾਪ ਤਰਲੇ ਕਰ ਰਹੇ ਹਨ। ਮਾਪੇ ਪੁਲੀਸ ਦੀ ਨਾਕਾਮੀ ਬਿਆਨ ਕਰਦੇ ਹੋਏ ਲਾਚਾਰੀ ’ਚ ਹਨ। ਲਾਪਤਾ ਲੜਕੇ ਦੇ ਪਿਤਾ ਇੰਦਰਜੀਤ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਉਹ ਪੁਲੀਸ ਦੇ ਐੱਸਐੱਚਓ ਤੋਂ ਉੱਚ ਅਧਿਕਾਰੀਆਂ ਤੱਕ ਸ਼ੱਕੀ ਵਿਅਕਤੀਆਂ ਦੇ ਨਾਂ ਲਏ ਸੀ, ਪਰ ਪੁਲੀਸ ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਕੰਨੀ ਕਤਰਾ ਰਹੀ ਹੈ, ਇੱਥੋਂ ਤੱਕ ਕਿ ਪੁਲੀਸ ਉਨ੍ਹਾਂ ਦੇ ਘਰ ਜਾਂਦੀ ਹੈ, ਪਰ ਆ ਕੇ ਕਹਿ ਦਿੰਦੀ ਹੈ ਕਿ ਉਹ ਘਰ ਨਹੀਂ ਹਨ, ਜਦੋਂਕਿ ਉਹ ਘਰ ਹੀ ਬੈਠੇ ਹੁੰਦੇ ਹਨ।
ਪੀੜਤ ਪਰਿਵਾਰ ਨੇ ਪੁਲੀਸ ਕਹਾਣੀ ਤੋਂ ਅਨਜਾਣਤਾ ਪ੍ਰਗਟਾਈ ਤੇ ਸਬੰਧਿਤ ਥਾਣਾ ਮੁਖੀ ਨੂੰ ਅਪੀਲ ਕੀਤੀ ਕਿ ਸਾਨੂੰ ਇਨਸਾਫ਼ ਦਿਵਾਉਣ ਲਈ ਕੁਝ ਸਖ਼ਤ ਕਦਮ ਉਠਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਜੇ ਪੁਲੀਸ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇ ਤਾਂ ਉਨ੍ਹਾਂ ਦੇ ਲੜਕੇ ਦੇ ਗੁੰਮ ਹੋਣ ਦੀ ਸਚਾਈ ਸਾਹਮਣੇ ਆ ਸਕਦੀ ਹੈ। ਰਾਜ ਕਾਲੋਨੀ ਦਾ ਰਹਿਣ ਵਾਲਾ ਦਲਵਿੰਦਰ ਸਿੰਘ ਜਿਸ ਦੀ ਉਮਰ 23 ਸਾਲ ਹੈ, ਉਹ ਡੇਢ ਮਹੀਨੇ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਘਰੋਂ ਕਹਿ ਕੇ ਗਿਆ ਸੀ ਕਿ ਉਹ ਕੰਮ ’ਤੇ ਚੱਲਿਆ ਹੈ, ਪਰ ਕੰਮ ’ਤੇ ਜਾਂਦਿਆਂ ਸਾਰ ਹੀ ਉਸ ਦਾ ਫ਼ੋਨ ਆਇਆ ਕਿ ਉਹ ਭਾਖੜਾ ਨਹਿਰ ਵਿੱਚ ਛਾਲ ਮਾਰਨ ਲੱਗਿਆ ਹੈ। ਉਸ ਦਿਨ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਲੱਗਿਆ। ਮਾਪੇ ਦਰ ਦਰ ਠੌਕਰਾਂ ਖਾ ਰਹੇ ਹਨ।
ਕਾਰਵਾਈ ਕਰ ਰਹੇ ਹਾਂ: ਐੱਸਐੱਚਓ
ਥਾਣਾ ਸਬਜ਼ੀ ਮੰਡੀ ਪਟਿਆਲਾ ਦੇ ਐੱਸਐੱਚਓ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਗੁਆਚੇ ਹੋਏ ਦਲਵਿੰਦਰ ਸਿੰਘ ਬਾਰੇ ਅਸੀਂ ਖਨੌਰੀ ਥਾਣੇ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ਤੇ ਇਸ ਸਬੰਧੀ ਇਸ਼ਤਿਹਾਰ ਵੀ ਜਾਰੀ ਕੀਤਾ ਹੈ। ਇਸ ਘਟਨਾ ਬਾਰੇ ਸਰਗਰਮੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।