ਗੁਰਨਾਮ ਸਿੰਘ ਚੌਹਾਨ
ਪਾਤੜਾਂ, 15 ਜੁਲਾਈ
ਘੱਗਰ ਦਰਿਆ ਦੇ ਤੇਜ਼ ਵਹਾਅ ਦੇ ਕਾਰਨ ਸੰਗਰੂਰ-ਦਿੱਲੀ ਕੌਮੀ ਮੁੱਖ ਮਾਰਗ ਟੁੱਟਣ ਕਰ ਕੇ ਅਜੇ ਤੱਕ ਵੀ ਪਾਤੜਾਂ ਸ਼ਹਿਰ ਦਾ ਹਰਿਆਣਾ ਅਤੇ ਦਿੱਲੀ ਨਾਲ ਸੰਪਰਕ ਨਹੀਂ ਜੁੜ ਸਕਿਆ। ਉਕਤ ਦੋਵੇਂ ਰਾਜਾ ਨੂੰ ਸਾਜ਼ੋ ਸਾਮਾਨ ਪਹੁੰਚਾਉਣ ਤੇ ਜ਼ਰੂਰੀ ਕੰਮਾਂ ਕਾਰਾਂ ਲਈ ਪਟਿਆਲਾ ਰਾਹੀਂ ਜਾਣਾ ਪੈ ਰਿਹਾ ਹੈ। ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਜੋਗੇਵਾਲ ਦੇ ਨਜ਼ਦੀਕ ਨਹਿਰ ਉੱਤੇ ਬਣਿਆ ਪੁਲ ਅਤੇ ਸੜਕ ਹੜ੍ਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਕਰਕੇ ਪ੍ਰਸ਼ਾਸਨ ਵੱਲੋਂ ਇਸ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਤੇ ਹਰਿਆਣਾ ਜਾਣ ਵਾਲੇ ਵੱਡੇ ਵਾਹਨਾਂ ਨੂੰ ਪਟਿਆਲਾ ਰਾਜਪੁਰਾ ਤੇ ਅੰਬਾਲਾ ਰਾਹੀਂ ਜਾਣਾ ਪੈ ਰਿਹਾ ਹੈ ਤੇ ਵੱਖ-ਵੱਖ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਟਰੱਕ ਢਾਬਿਆਂ ਆਦਿ ਥਾਵਾਂ ਤੇ ਖੜ੍ਹੇ ਹਨ ਜਦਕਿ ਛੋਟੇ ਵਾਹਨ ਮੋਟਰਸਾਈਕਲ ਅਤੇ ਕਾਰ ਚਾਲਕ ਭਾਖੜਾ ਨਹਿਰ ਦੀਆਂ ਕੱਚੀਆਂ ਪਟੜੀਆਂ ਉੱਤੋਂ ਆਪਣੀਆਂ ਜਾਨਾਂ ਵਿੱਚ ਜੋਖ਼ਮ ਵਿੱਚ ਪਾ ਕੇ ਲੰਘ ਰਹੇ ਹਨ।
ਇਸੇ ਤਰ੍ਹਾਂ ਕੁਝ ਟਰੱਕ ਚਾਲਕਾਂ ਨੇ ਦੱਸਿਆ ਹੈ ਕਿ ਪੁਲ ਤੇ ਹਾਈਵੇਅ ਟੁੱਟ ਜਾਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਣ ਪੀਣ ਦੀਆਂ ਵਸਤਾਂ ਫਲ ਸਬਜ਼ੀਆਂ ਆਦਿ ਨੂੰ ਦਿੱਲੀ ਤੇ ਹਰਿਆਣਾ ਪਹਿਚਾਣ ਦਾ ਉਨ੍ਹਾਂ ਕੋਲ ਸੀਮਤ ਸਮਾਂ ਤੇ ਹੜ੍ਹ ਪ੍ਰਭਾਵਿਤ ਇਲਾਕਾ ਹੋਣ ਕਾਰਨ ਉਹ ਲਿੰਕ ਸੜਕਾਂ ਰਾਹੀਂ ਨਹੀਂ ਵੱਡਾ ਰਿਸਕ ਨਹੀਂ ਲੈ ਸਕਦੇ।
ਹੜ੍ਹ ਪੀੜਤਾਂ ਲਈ ਰਾਹਤ ਤੇ ਬਚਾਅ ਕਾਰਜ ਜਾਰੀ
ਪਾਤੜਾਂ(ਪੱਤਰ ਪ੍ਰੇਰਕ): ਤੀਹ ਵਰ੍ਹਿਆਂ ਬਾਅਦ ਆਏ ਹੜ੍ਹ ਨੇ ਡੇਰਿਆਂ ਚੋਂ ਲੋਕਾਂ ਨੂੰ ਨਿਕਲਣ ਦਾ ਮੌਕਾ ਨਹੀਂ ਦਿੱਤਾ। ਲੋਕਾਂ ਅਤੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਨੂੰ ਫ਼ੌਜ ਦੀ ਮਦਦ ਲੈਣੀ ਪਈ ਹੈ। ਵਨ ਆਰਮਡ ਡਿਵੀਜ਼ਨ ਪਟਿਆਲਾ ਦੇ ਕਮਾਂਡਿੰਗ ਆਫ਼ੀਸਰ ਕਰਨਲ ਵਿਨੋਦ ਸਿੰਘ ਰਾਵਤ ਨੇ ਦੱਸਿਆ ਕਿ ਫ਼ੌਜ ਵੱਲੋਂ ਤਿੰਨ ਕੈਂਪ ਅਰਨੋ ਸ਼ੁਤਰਾਣਾ ਅਤੇ ਗੁਲਾੜ੍ਹ ਚੱਲ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਫ਼ੌਜੀ ਜਵਾਨ ਕਿਸ਼ਤੀਆਂ ਰਾਹੀਂ ਭੂੰਡਥੇਹ, ਝੀਲ, ਚਿਚੜਵਾਲ, ਰਸੌਲੀ, ਤੇਈਪੁਰ, ਮਤੌਲੀ, ਗੁਲਾੜ੍ਹ, ਸਾਗਰਾ, ਹੋਤੀਪੁਰ, ਨੂਰਪੁਰ ਤੇ ਹੋਰ ਪਿੰਡਾਂ ਚੋ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਹੁਣ ਉਨ੍ਹਾਂ ਨੂੰ ਦਵਾਈਆਂ, ਪੀਣ ਵਾਲਾ ਪਾਣੀ, ਭੋਜਨ ਭੇਜਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੌਂਸਲਾ ਨਾ ਛੱਡਣ ਕਿਉਂਕਿ ਫ਼ੌਜ ਉਨ੍ਹਾਂ ਚਿਰ ਰਹੇਗੀ ਜਿਨ੍ਹਾਂ ਚਿਰ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ।