ਬਹਾਦਰ ਸਿੰਘ ਮਰਦਾਂਪੁਰ
ਘਨੌਰ, 6 ਅਕਤੂਬਰ
ਇਸ ਖੇਤਰ ਵਿੱਚੋਂ ਗੁਜਰਦੀ ਘਨੌਰ-ਅੰਬਾਲਾ ਸ਼ਹਿਰ ਵਾਇਆ ਸਰਾਲਾ- ਕਪੂਰੀ ਸੜਕ ’ਤੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੇ ਸਾਇਫਨ ਨੇੜਲੇ ਪੰਝੀਦਰਾ ਨਾਲਾ (ਢੰਕਾਨਸੂ ਬੰਨ੍ਹ) ਦੇ ਪੁਲ ਦੀ ਉਸਾਰੀ ਲਟਕਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕਰੀਬ ਸੱਤ ਦਹਾਕੇ ਪਹਿਲਾਂ ਨਰਵਾਣਾ ਨਹਿਰ ਦੇ ਪੰਝੀਦਰਾ ਵਾਲੇ ਸਾਇਫਨ ’ਤੇ ਉਸਾਰੇ ਗਏ ਸੜਕੀ ਪੁਲ ਦੀ ਚੌੜਾਈ ਕਾਫੀ ਘੱਟ ਹੋਣ ਕਾਰਨ ਉਸ ’ਤੇ ਕੇਵਲ ਇੱਕ ਪਾਸੇ ਦੇ ਵਾਹਨ ਹੀ ਲੰਘ ਸਕਦੇ ਹਨ। ਜਦੋਂ ਕਿ ਦੂਜੇ ਪਾਸੇ ਤੋਂ ਆ ਰਹੇ ਵਾਹਨਾਂ ਨੂੰ ਰੁਕਣਾ ਪੈਂਦਾ ਹੈ। ਹੁਣ ਇਸ ਸੜਕ ’ਤੇ ਵਾਹਨਾਂ ਦੀ ਆਵਾਜਾਈ ਕਾਫੀ ਵੱਧ ਗਈ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾ ਰਹੀ ਉਸਾਰੀ ਇਸ ਸਾਲ 30 ਸਤੰਬਰ ਤੱਕ ਮੁਕੰਮਲ ਹੋਣੀ ਸੀ ਪ੍ਰੰਤੂ ਸਬੰਧਤ ਠੇਕੇਦਾਰ ਵੱਲੋਂ ਉਕਤ ਪੁਲ ਲਈ ਅਜੇ ਕੇਵਲ ਪਿੱਲਰ ਹੀ ਉਸਾਰੇ ਗਏ ਹਨ, ਜਦੋਂ ਕਿ ਬਾਕੀ ਦੀ ਉਸਾਰੀ ਦਾ ਕੰਮ ਲਟਕ ਗਿਆ ਹੈ। ਇਸ ਕਾਰਨ ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਦੀ ਦਿੱਕਤ ਬਰਕਰਾਰ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸਾਬਕਾ ਸਰਪੰਚ ਅਮਰ ਸਿੰਘ ਕਪੂਰੀ, ਡਾ. ਵਿਜੇਪਾਲ ਘਨੌਰ ਅਤੇ ਗੁਰਨਾਮ ਸਿੰਘ ਘਨੌਰ ਨੇ ਮੰਗ ਕੀਤੀ ਹੈ ਕਿ ਇਸ ਪੁਲ ਦੀ ਉਸਾਰੀ ਬਿਨਾਂ ਦੇਰੀ ਮੁਕੰਮਲ ਕੀਤੀ ਜਾਵੇ। ਇਸ ਸਬੰਧੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲ ਦੇ ਡਿਜ਼ਾਇਨ ਵਿੱਚ ਤਬਦੀਲੀ, ਫੰਡਾਂ ਦੀ ਘਾਟ, ਜੰਗਲਾਤ ਵਿਭਾਗ ਵੱਲੋਂ ਇਤਰਾਜ਼ ਨਹੀਂ ਦੇ ਸਰਟੀਫਿਕੇਟ ਮਿਲਣ ਵਿੱਚ ਦੇਰੀ ਪੁਲ ਦੀ ਉਸਾਰੀ ਲਟਕਣ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਪੁਲ ਦੀ ਨਵੀਂ ਸਲੈਬ ਦਾ ਡਿਜ਼ਾਈਨ ਪਾਸ ਹੋਣ ਅਤੇ ਜੰਗਲਾਤ ਵਿਭਾਗ ਵੱਲੋਂ ਪ੍ਰਵਾਨਗੀ ਮਿਲਣ ’ਤੇ ਮਾਰਚ 2023 ਤੱਕ ਪੁਲ ਦੀ ਉਸਾਰੀ ਮੁਕੰਮਲ ਕਰ ਦਿੱਤੀ ਜਾਵੇਗੀ।