ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 11 ਮਾਰਚ
ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਨੇ ਵੱਡੇ-ਵੱਡੇ ਦਿੱਗਜ਼ਾਂ ਨੂੰ ਹਰਾ ਕੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। ਪਠਾਣਮਾਜਰਾ ਨੇ ਅੱਜ ਹਲਕਾ ਸਨੌਰ ਦੇ ਦੇਵੀਗੜ੍ਹ ਨੇੇੜਲੇ ਵੱਖ ਵੱਖ ਧਾਰਮਿਕ ਸਥਾਨਾਂ ਗੁਰਦੁਆਰਾ ਬਾਊਲੀ ਸਾਹਿਬ ਘੜਾਮ, ਦਰਗਾਹ ਪੀਰ ਭੀਖਮ ਸ਼ਾਹ ਮੀਰਾਂ ਜੀ ਘੜਾਮ, ਪਾਰ ਸ਼ਾਹ ਫਾਜਲ ਜੀ ਆਦਿ ਵਿਖੇ ਮੱਥਾ ਟੇਕਿਆ। ਇਸ ਮਗਰੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਠਾਣਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਸੋਚ ’ਤੇ ਪਹਿਰਾ ਦੇ ਕੇ ਆਮ ਆਦਮੀ ਪਾਰਟੀ ਨੂੰ ਰਿਕਾਰਡ ਵੋਟਾਂ ਪਾ ਕੇ ਬਹੁਮਤ ਨਾਲ ਇਤਿਹਾਸਕ ਜਿੱਤ ਦਿਵਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵੀ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਦੀ ਦੁਵੱਲੀ ਖੇਡ ਵਿੱਚ ਹੀ ਉਲਝਿਆ ਰਿਹਾ ਜਿਨ੍ਹਾਂ ਨੇ ਇਸ ਹਲਕੇ ਦੀ ਤਰੱਕੀ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਮੌਕੇ ਦਰਗਾਹ ਦੀ ਗੱਦੀ ਨਸ਼ੀਨ ਬੀਬੀ ਭੋਲੂ ਸ਼ਾਹ ਨੇ ਵਿਧਾਇਕ ਪਠਾਣਮਾਜਰਾ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਉਹਨਾਂ ਨਾਲ ਰਣਜੋਧ ਸਿੰਘ ਹਡਾਣਾ, ਬਲਦੇਵ ਸਿੰਘ ਦੇਵੀਗੜ੍ਹ, ਡਾ. ਗੁਰਮੀਤ ਬਿੱਟੂ, ਮਨਿੰਦਰ ਫਰਾਂਸਵਾਲਾ, ਪ੍ਰਗਟ ਰੱਤਾਖੇੜਾ, ਨਵੀ ਹਾਜੀਪੁਰ, ਸਿਮਰਜੀਤ ਸੋਹਲ, ਬਲਿਹਾਰ ਸਿੰਘ ਚੀਮਾ, ਜਰਨੈਲ ਸਿੰਘ ਅਲੀਪੁਰ, ਡਾ. ਕਰਮ ਸਿੰਘ ਰਾਜਗੜ੍ਹ, ਜੱਗਾ ਜ਼ੁਲਕਾਂ, ਗੂਰੀ ਛੰਨਾ ਅਤੇ ਗਗਨ ਅਰਨੌਲੀ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।