ਪੱਤਰ ਪ੍ਰੇਰਕ
ਦੇਵੀਗੜ੍ਹ, 6 ਮਈ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅੱਜ ਆਪਣੇ ਹੋਰ ਸਾਥੀਆਂ ਨਾਲ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਦਫਤਰ ਵਿਖੇ ਮਿਲੇ। ਵਿਧਾਇਕ ਪਠਾਣਮਾਜਰਾ ਨੇ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਹਲਕਾ ਸਨੌਰ ਵਿਖੇ ਸਕੂਲ ਬਹੁਤ ਘੱਟ ਅਪਗ੍ਰੇਡ ਹਨ ਅਤੇ ਲੜਕੀਆਂ ਦਾ ਕਾਲਜ ਹੈ ਹੀ ਨਹੀਂ, ਜਿਸ ਕਰਕੇ ਇਸ ਇਲਾਕੇ ਦੀਆਂ ਲੜਕੀਆਂ ਦਾ ਕਾਲਜ ਨਾ ਹੋਣ ਕਰਕੇ ਉੱਚ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਇਸ ਲਈ ਇਸ ਹਲਕੇ ਵਿੱਚ ਹੋਰ ਸਕੂਲ ਅਪਗ੍ਰੇਡ ਕੀਤੇ ਜਾਣ ਅਤੇ ਲੜਕੀਆਂ ਦੇ ਕਈ ਕਾਲਜ ਖੋਲ੍ਹੇ ਜਾਣ। ਸਿੱਖਿਆ ਮੰਤਰੀ ਮੀਤ ਹੇਅਰ ਨੇ ਵਿਧਾਇਕ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਵਿਸਵਾਸ਼ ਦੁਆਇਆ ਕਿ ਜਲਦੀ ਹੀ ਕਈ ਸਕੂਲ ਅਪਗ੍ਰੇਡ ਕੀਤੇ ਜਾਣਗੇ ਅਤੇ ਦੇਵੀਗੜ੍ਹ ਇਲਾਕੇ ਵਿੱਚ ਲੜਕੀਆਂ ਦਾ ਕਾਲਜ ਬਣਾਉਣ ਦੀ ਮੰਗ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹਰਦੇਵ ਸਿੰਘ ਘੜਾਮ, ਮਨਿੰਦਰ ਫਰਾਂਸਵਾਲਾ ਮੈਂਬਰ ਜ਼ਿਲਾ ਪ੍ਰੀਸ਼ਦ, ਜਗਵੀਰ ਸਿੰਘ ਪੂਨੀਆਂ ਆਦਿ ਵੀ ਮੌਜੂਦ ਸਨ।