ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਸਤੰਬਰ
ਚੋਣ ਕਮਿਸ਼ਨ ਵੱਲੋਂ ਪੰਚਾਇਤ ਚੋਣਾਂ ਸਬੰਧੀ ਤਾਰੀਖਾਂ ਦਾ ਐਲਾਨ ਕਰਨ ਮਗਰੋਂ ਜਿਥੇ ਪਿੰਡਾਂ ’ਚ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ, ਉਥੇ ਹੀ ਸਮੁੱਚਾ ਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ। ਇਸੇ ਕੜੀ ਵਜੋਂ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੀ ਅੱਜ ਅਧਿਕਾਰਤ ਤੌਰ ’ਤੇ ਚੋਣ ਪ੍ਰੋਗਰਾਮ ਜਾਰੀ ਕੀਤੀ ਜਿਸ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ 1022 ਪੰਚਾਇਤਾਂ ਹਨ। ਇਨ੍ਹਾਂ ਵਿੱਚੋਂ ਸਰਪੰਚਾਂ ਦੀਆਂ 668 ਸੀਟਾਂ ਵੱਖ ਵੱਖ ਵਰਗਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ, ਜਦਕਿ 354 ਸੀਟਾਂ ਜਨਰਲ ਹੋਣਗੀਆਂ। ਰਾਖਵੇਂਕਰਨ ਤਹਿਤ 313 ਪਿੰਡਾਂ ਦੀਆਂ ਸੀਟਾਂ ਅਨੁਸੂਚਿਤ ਜਾਤੀਆਂ ਲਈ ਹਨ ਜਿਨ੍ਹਾਂ ’ਚੋਂ 156 ਪਿੰਡ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਲਈ ਰਾਖਵੇਂ ਹਨ। ਬਾਕੀ 709 ਪਿੰਡਾਂ ’ਚੋਂ 355 ਔਰਤਾਂ ਲਈ ਰਾਖਵੇਂ ਹਨ ਤੇ 354 ਪਿੰਡ ਰਾਖਵੇਂਕਰਨ ਤੋਂ ਬਾਹਰ ਹਨ।
ਬਲਾਕ ਵਾਰ ਵੇਰਵਿਆਂ ’ਤੇ ਨਿਗਾਹ ਮਾਰੀਏ ਤਾਂ ਬਲਾਕ ਭੁਨਰਹੇੜੀ ਦੇ 144 ਪਿੰਡਾਂ ’ਚੋਂ 14 ਐੱਸਸੀ ਉਮੀਦਵਾਰਾਂ ਲਈ, 15 ਐੱਸਸੀ ਔਰਤਾਂ ਲਈ ਰਾਖਵੇਂ ਹਨ। ਬਾਕੀ 115 ਵਿੱਚੋਂ 57 ਔਰਤਾਂ ਲਈ ਰਾਖਵੇਂ ਕਰਕੇ 58 ਜਨਰਲ ਹਨ। ਬਲਾਕ ਘਨੌਰ ਦੇ 85 ਪਿੰਡਾਂ ਵਿੱਚੋਂ 12 ਐੱਸਸੀ ਉਮੀਦਵਾਰਾਂ ਲਈ, 11 ਐੱਸਸੀ ਔਰਤਾਂ ਲਈ ਰਾਖਵੇਂ ਹਨ। 62 ਸੀਟਾਂ ਵਿੱਚੋਂ 31 ਔਰਤਾਂ ਲਈ ਤੇ 31 ਜਨਰਲ ਸੀਟਾਂ ਹਨ। ਨਾਭਾ ਦੇ 141 ਪਿੰਡਾਂ ਵਿੱਚੋਂ 26 ਅਨੁਸੂਚਿਤ ਜਾਤੀਆਂ ਲਈ ਤੇ 27 ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਲਈ ਰਾਖਵੇਂ ਹਨ। ਬਾਕੀ 88 ਵਿਚੋਂ 44 ਪਿੰਡ ਔਰਤਾਂ ਲਈ ਰਾਖਵੇਂ ਹਨ। ਇਸੇ ਤਰ੍ਹਾਂ ਬਲਾਕ ਪਟਿਆਲਾ ਵਿਚਲੇ 100 ਪਿੰਡਾਂ ਵਿੱਚੋਂ 15 ਅਨੁਸੂਚਿਤ ਜਾਤੀਆਂ ਲਈ ਤੇ 15 ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਲਈ, ਜਦਕਿ 35 ਔਰਤਾਂ ਲਈ ਰਾਖਵੇਂ ਹਨ। ਬਲਾਕ ਪਟਿਆਲਾ ਦਿਹਾਤੀ ਵਿੱਚ 60 ਸਰਪੰਚ ਚੁਣੇ ਜਾਣੇ ਹਨ ਜਿਨ੍ਹਾਂ ’ਚੋਂ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਲਈ 9-9 ਸੀਟਾਂ ਰਾਖਵੀਆਂ ਹਨ। ਬਾਕੀ 42 ’ਚੋਂ 21 ਪਿੰਡ ਔਰਤਾਂ ਲਈ ਰਾਖਵੇਂ ਹਨ। ਬਲਾਕ ਪਾਤੜਾਂ ਵਿੱਚ 105 ਪਿੰਡਾਂ ’ਚੋਂ 44 ਸੀਟਾਂ ਐੱਸਸੀ ਉਮੀਦਵਾਰਾਂ ਲਈ, 22 ਐੱਸਸੀ ਔਰਤਾਂ ਲਈ, 31 ਔਰਤਾਂ ਲਈ ਰਾਖਵੀਆਂ ਹਨ। ਬਲਾਕ ਰਾਜਪੁਰਾ ਦੇ 95 ਪਿੰਡਾਂ ਵਿੱਚੋਂ 15 ਐੱਸਸੀ ਉਮੀਦਵਾਰਾਂ, 14 ਐੱਸਸੀ ਔਰਤਾਂ ਲਈ, 33 ਔਰਤਾਂ ਲਈ ਰਾਖਵੇਂ ਹਨ। ਇਸੇ ਤਰ੍ਹਾਂ ਸਮਾਣਾ ’ਚ 102 ਵਿੱਚੋਂ 16 ਐੱਸਸੀ ਲਈ, 17 ਐੱਸਸੀ ਔਰਤਾਂ ਲਈ ਤੇ 34 ਔਰਤਾਂ ਲਈ ਰਾਖਵੇਂ ਹਨ। ਬਲਾਕ ਸਨੌਰ ਦੇ 100 ਪਿੰਡਾਂ ’ਚੋਂ 15 ਐੱਸਸੀ ਤੇ 16 ਐੱਸਸੀ ਔਰਤਾਂ ਅਤੇ 34 ਔਰਤਾਂ ਲਈ ਰਾਖਵੇਂ ਹਨ। ਬਲਾਕ ਸ਼ੰਭੂ ਦੇ ਸਰਪੰਚਾਂ ਦੀਆਂ 90 ਆਸਾਮੀਆਂ ’ਚੋਂ 12 ਐੱਸਸੀ, 11 ਐੱਸਸੀ ਔਰਤਾਂ ਅਤੇ 34 ਔਰਤਾਂ ਲਈ ਰਾਖਵੀਆਂ ਹਨ, ਜਦਕਿ 67 ਸੀਟਾਂ ਜਨਰਲ ਹਨ।
27 ਸਤੰਬਰ ਨੂੰ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਅਕਤੂਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 27 ਸਤੰਬਰ ਨੂੰ ਸ਼ੁਰੂ ਹੋ ਜਾਵੇਗੀ ਜੋ 4 ਅਕਤੂਬਰ ਤੱਕ ਜਾਰੀ ਰਹੇਗੀ। 28 ਸਤੰਬਰ ਨੂੰ ਛੁੱਟੀ ਕਾਰਨ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਪੰਜ ਅਕਤੂਬਰ ਨੂੰ ਹੋਵੇਗੀ ਤੇ ਵਾਪਸ ਲੈਣ ਲਈ ਆਖਰੀ 7 ਅਕਤੂਬਰ ਨਿਰਧਾਰਤ ਕੀਤੀ ਗਈ ਹੈ। 15 ਅਕਤੂਬਰ ਨੂੰ ਵੋਟਾਂ ਬੈਲੇਟ ਬਕਸਿਆਂ ਰਾਹੀਂ ਪੈਣਗੀਆਂ ਤੇ ਉਸੇ ਦਿਨ ਪੋਲਿੰਗ ਸਟੇਸ਼ਨ ’ਤੇ ਹੀ ਗਿਣਤੀ ਹੋਵੇਗੀ।