ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੁਲਾਈ
ਆਪਣੀਆਂ ਮੰਗਾਂ ਲਈ ਇਥੇ ਮੁੱਖ ਮੰਤਰੀ ਨਿਵਾਸ ਨਿਊ ਮੋਤੀ ਬਾਗ ਪੈਲੇਸ ਦੇ ਨੇੜੇ ਧਰਨਾ ਮਾਰਨ ਵਾਲੇ ਨੇੱਤਰਹੀਣ ਅੱਜ ਮੁੜ ਇਥੇ ਮੁੱਖ ਮੰਤਰੀ ਨਿਵਾਸ ਕੋਲ ਆ ਪੁੱਜੇ। ਇਸ ਸਬੰਧੀ ਗੁਪਤ ਰੱਖੇ ਪ੍ਰੋਗਰਾਮ ਤਹਿਤ ਪੁਲੀਸ ਨੂੰ ਉਨ੍ਹਾਂ ਦਾ ਉਦੋਂ ਹੀ ਪਤਾ ਲੱਗਿਆ ਜਦੋਂ ਉਹ ਇੱਥੇ ਵਾਈਪੀਐੱਸ ਚੌਕ ਵਿੱਚ ਪਹੁੰਚ ਗਏ। ਇਥੇ ਇਕੱਠੇ ਹੋਣ ਮਗਰੋਂ ਉਨ੍ਹਾਂ ਨੇ ਜਦੋਂ ਮੁੱਖ ਮੰਤਰੀ ਨਿਵਾਸ ਵੱਲ ਨੂੰ ਚਾਲੇ ਪਾਏ ਤਾਂ ਡੀਐੱਸਪੀ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠਲੀ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਰੋਕ ਲਿਆ। ਉਂਝ ਇਥੇ ਪਹਿਲਾਂ ਤੋਂ ਹੀ ਮਜ਼ਬੂਤ ਬੈਰੀਕੇਡਿੰਗ ਕੀਤੀ ਹੋਈ ਹੈ, ਜਿਸ ਕਰਕੇ ਛੇਤੀ ਕੀਤਿਆਂ ਅੱਗੇ ਲੰਘਣਾ ਉਨ੍ਹਾਂ ਦਾ ਮੁਸ਼ਕਿਲ ਸੀ ਪਰ ਫੇਰ ਵੀ ਪੁਲੀਸ ਉਨ੍ਹਾਂ ਦੇ ਅੱਗੇ ਕੰਧ ਬਣ ਕੇ ਖੜ੍ਹ ਗਈ। ਨੇੱਤਰਹੀਣਾਂ ਦੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਸਰਕਾਰ ਨੇ ਜੋ ਭਰੋਸਾ ਦਿੱਤਾ ਸੀ ਉਨ੍ਹਾਂ ਵਿਚੋਂ ਸਾਰੀਆਂ ਮੰਗਾਂ ਦੀ ਪੂਰਤੀ ਨਹੀਂ ਹੋਈ, ਜਿਸ ਕਰਕੇ ਉਨ੍ਹਾਂ ਨੂੰ ਅੱਜ ਕੜਕਦੀ ਧੁੱਪ ਵਿੱਚ ਮੁੜ ਸੜਕ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ।