ਸਰਬਜੀਤ ਭੰਗੂ
ਪਟਿਆਲਾ, 15 ਜੁਲਾਈ
ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ‘ਤੇ ਭਾਰਤੀ ਸੰਵਿਧਾਨ ਦੇ ਖ਼ਿਲਾਫ਼ ਟਿੱਪਣੀ ਕਰਨ ਖ਼ਿਲਾਫ਼ ਸੰਵਿਧਾਨ ਬਚਾਓ ਅੰਦੋਲਨ ਦੇ ਵਫ਼ਦ ਨੇ ਅੱਜ ਇਥੇ ਡੀਆਈਜੀ ਵਿਕਰਮਜੀਤ ਦੁੱਗਲ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੰਗ ਪੱਤਰ ਸੌਂਪਦਿਆਂ ਵਫ਼ਦ ਨੇ ਇਸ ਮਹਿਲਾ ‘ਆਪ’ ਆਗੂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜ਼ੋਰਾ ਸਿੰਘ ਚੀਮਾ ਪ੍ਰਧਾਨ ਨੌਜਵਾਨ ਸਮਾਜ ਪਾਰਟੀ ਟਰੇਡ ਐਸੋਸੀਏਸ਼ਨ, ਅਮਰਜੀਤ ਸਿੰਘ ਰਾਮਗੜ੍ਹ ਪ੍ਰਧਾਨ ਕਿਰਤੀ ਸਮਾਜ ਪੰਜਾਬ, ਗੁਰਕੀਰਤ ਸਿੰਘ ਆਗੂ ਦਲਿਤ ਭਲਾਈ ਫੈਡਰੇਸ਼ਨ, ਕੇਵਲ ਸਿੰਘ ਪ੍ਰਧਾਨ ਕਿਰਤੀ ਕਿਸਾਨ ਸੰਯੁਕਤ ਫ਼ਰੰਟ, ਐਡਵੋਕੇਟ ਰਜਿੰਦਰਪਾਲ ਆਗੂ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਅਤੇ ਦਲਿਤ ਸਮਾਜ ਸਮੇਤ ਕਈ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਨੁਮਾਇੰਦੇ ਵੀ ਸਨ।