ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਗਸਤ
ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀਬੀ ਹਸਪਤਾਲ ਪਟਿਆਲਾ ਦੇ ਕੰਟਰੈਕਟ ਅਤੇ ਆਊਟਸੋਰਸ, ਕਰੋਨਾ ਯੋਧਿਆਂ (ਨਰਸਿੰਗ,ਪੈਰਾਮੈਡੀਕਲ ਅਤੇ ਦਰਜਾ ਚਾਰ ਕਰਮਚਾਰੀ) ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਤੋਂ ਮੁਕੰਮਲ ਹੜਤਾਲ ’ਤੇ ਚਲੇ ਗਏ ਹਨ। ਇਸ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੇ ਜਿੱਥੇ ਹਸਪਤਾਲ ਕੰਪਲੈਕਸ ਵਿੱਚ ਰੋਸ ਰੈਲੀ ਕੀਤੀ ਉਸੇ ਹੀ ਬਾਅਦ ਵਿੱਚ ਰੋਸ ਮਾਰਚ ਕਰਦਾ ਹੋਇਆ ਮੁਲਾਜ਼ਮਾਂ ਦੇ ਕਾਫ਼ਲਾ ਫੁਹਾਰਾ ਚੌਕ ’ਤੇ ਪਹੁੰਚਿਆ ਜਿਨ੍ਹਾਂ ਨੇ ਫੁਹਾਰਾ ਚੌਕ ’ਤੇ ਧਰਨਾ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ।
ਕਰਮਚਾਰੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਵਰਨ ਸਿੰਘ ਬੰਗਾ ਅਤੇ ਚੇਅਰਮੈਨ ਰਾਮ ਕਿਸ਼ਨ ਨੇ ਕਿਹਾ ਕਿ ਦੋ ਸਾਲ ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਸਾਢੇ ਪੰਜ ਸੌ ਨਰਸਿੰਗ ਸਟਾਫ ਨੂੰ ਤਾਂ ਰੈਗੂਲਰ ਕਰ ਦਿੱਤਾ ਗਿਆ, ਜਦਕਿ ਬਾਕੀਆਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਦੀ ਇਕ ਨੁਕਾਤੀ ਮੰਗ ਦੀ ਪੂਰਤੀ ਲਈ ਅੱਜ ਤੋਂ ਮੁਕੰਮਲ ਹੜਤਾਲ ਸ਼ੁਰੂ ਹੈ। ਮੁਲਾਜ਼ਮਾਂ ਨੇ ਐਤਕੀਂ ਐਮਰਜੰਸੀ ਡਿਊਟੀਆਂ ਦਾ ਵੀ ਬਾਈਕਾਟ ਕੀਤਾ ਹੈ। ਇਸ ਮੌਕੇ ਰਤਨ ਕੁਮਾਰ, ਨਰੇਸ਼ ਕੁਮਾਰ ਗਾਟ, ਸੁਰਿੰਦਰਪਾਲ ਦੁੱਗਲ,ਅਰੁਣ ਕੁਮਾਰ, ਰਾਜੇਸ਼ ਕੁਮਾਰ ਗੋਲੂ,ਬਾਲਕ ਰਾਮ, ਗਗਨਦੀਪ ਕੌਰ, ਚਰਨਜੀਤ ਕੌਰ, ਗੁਰਲਾਲ ਸਿੰਘ,ਕਿਸ਼ੋਰ ਟੋਨੀ, ਹਰਿੰਦਰ ਕੌਰ, ਰੋਹਿਤ ਮਾਨ, ਕੁਲਵਿੰਦਰ ਸਿੰਘ ਤੇ ਪਰਦੀਪ ਕੁਮਾਰ ਵੀ ਹਾਜ਼ਰ ਸਨ।