ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਕਤੂਬਰ
ਨਗਰ ਨਿਗਮ ਨੇ ‘ਸ਼ਹਿਰੀਆਂ ਵੱਲੋਂ, ਸ਼ਹਿਰ ਵਾਸੀਆਂ ਲਈ’ ਸਫ਼ਾਈ ਮੁਹਿੰਮ ਤਹਿਤ ਸਵੱਛਤਾ ਸਰਵੇਖਣ-2023 ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਬੁੱਧਵਾਰ ਨੂੰ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੀ ਪ੍ਰਧਾਨਗੀ ਹੇਠ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਮਾਰਕੀਟ ਐਸੋਸੀਏਸ਼ਨਾਂ ਅਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ ਵਾਲੇ ਲੋਕਾਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਕਮਿਸ਼ਨਰ ਨੇ ਕਿਹਾ ਕਿ ਸਵੱਛਤਾ ਸਰਵੇਖਣ-2023 ਵਿੱਚ ਭਾਗ ਲੈਣ ਲਈ ਅੱਠ ਮੁਕਾਬਲੇ ਹੋਣਗੇ ਜਿਨ੍ਹਾਂ ਲਈ ਨੰਬਰ ਤੈਅ ਕੀਤੇ ਗਏ ਹਨ। ਜ਼ਿਆਦਾ ਨੰਬਰ ਲੈਣ ਵਾਲੀ ਸੰਸਥਾ ਜਾਂ ਵਿਅਕਤੀ ਨੂੰ ਨਿਗਮ ਵੱਲੋਂ ਸਨਮਾਨਿਤ ਕਰਨ ਦੇ ਨਾਲ-ਨਾਲ ਨਕਦ ਇਨਾਮ ਵੀ ਦਿੱਤਾ ਜਾਵੇਗਾ। ਸਵੱਛਤਾ ਸਰਵੇਖਣ-2023 ਲਈ ਛੇ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ-ਕਾਲਜ, ਹੋਟਲ, ਆਰਡਬਲਿਊਏ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਮੈਰਿਜ ਪੈਲੇਸ, ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਕਮਿਸ਼ਨਰ ਵੱਲੋਂ ਸਫ਼ਾਈ ਸਬੰਧੀ ਕੀਤੀ ਗਈ ਅਪੀਲ ਤੋਂ ਪ੍ਰੇਰਿਤ ਹੋ ਕੇ ਸ਼ਹਿਰ ਦੇ ਰੋਜ਼ ਗਾਰਡਨ, ਸਰਹਿੰਦ ਰੋਡ ’ਤੇ ਬਾਬਾ ਆਲਾ ਸਿੰਘ ਪਾਰਕ, ਸ਼ਹੀਦ ਭਗਤ ਸਿੰਘ ਪਾਰਕ, ਘਲੌੜੀ ਗੇਟ, ਬੱਸ ਸਟੈਂਡ ਨੇੜੇ ਡਾ. ਬੀ.ਆਰ. ਅੰਬੇਡਕਰ ਪਾਰਕ ਅਤੇ ਲਾਲਾ ਭਗਵਾਨ ਸਰੂਪ ਪਾਰਕ ਦੀ ਸਫ਼ਾਈ ਦੀ ਜ਼ਿੰਮੇਵਾਰੀ ਲਈ ਕਈ ਸੰਸਥਾਵਾਂ ਅੱਗੇ ਆਈਆਂ। ਨਿਗਮ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ਹਿਰ ਦੇ ਬਾਜ਼ਾਰਾਂ, ਗਲੀਆਂ, ਮੁਹੱਲਿਆਂ, ਕਲੋਨੀਆਂ ਆਦਿ ਵਿੱਚ ਸਫ਼ਾਈ ਲਈ ਕੋਈ ਵਾਧੂ ਉਪਰਾਲਾ ਕਰ ਰਿਹਾ ਹੈ ਤਾਂ ਉਹ ਆਪਣੀ ਫ਼ੋਟੋ ਅਤੇ ਜਾਣਕਾਰੀ swachhcitypatiala0gmail.com ’ਤੇ ਨਿਗਮ ਨੂੰ ਈ-ਮੇਲ ਕਰ ਸਕਦਾ ਹੈ।
ਸਫਾਈ ਮੁਕਾਬਲਿਆਂ ਲਈ ਕੁੱਲ 2475 ਅੰਕ ਨਿਰਧਾਰਤ
ਸਫ਼ਾਈ ਮੁਹਿੰਮ ਲਈ ਜੋ ਵੀ ਵਿਅਕਤੀ ਜਾਂ ਸੰਸਥਾ ਆਪਣੇ ਪੱਧਰ ’ਤੇ ਸਭ ਤੋਂ ਵਧੀਆ ਕੰਮ ਕਰੇਗਾ, ਉਹ ਆਪਣੇ ਕੀਤੇ ਗਏ ਕੰਮਾਂ ਨੂੰ ਨਿਗਮ ਵੱਲੋਂ ਜਾਰੀ ਈ-ਮੇਲ ’ਤੇ ਨਿਗਮ ਦਫਤਰ ਨੂੰ ਭੇਜੇਗਾ। ਇਸ ਤੋਂ ਬਾਅਦ ਨਿਗਮ ਦੀ ਟੀਮ ਸਫ਼ਾਈ ਸਬੰਧੀ ਬਣਾਏ ਨਿਯਮਾਂ ਦੀ ਜਾਂਚ ਕਰਨ ਲਈ ਮੌਕੇ ’ਤੇ ਪਹੁੰਚੇਗੀ। ਪੜਤਾਲ ਦੇ ਆਧਾਰ ’ਤੇ ਅੰਕ ਜਾਰੀ ਕੀਤੇ ਜਾਣਗੇ। ਸਾਰੇ ਮੁਕਾਬਲਿਆਂ ਲਈ ਕੁੱਲ 2475 ਅੰਕ ਹੋਣਗੇ। ਨਿਰਧਾਰਤ ਕੈਟਾਗਰੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਜਾਂ ਸੰਸਥਾ ਨੂੰ ਨਿਗਮ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਮੁਕਾਬਲਾ ਸਾਲ ਭਰ ਜਾਰੀ ਰਹੇਗਾ। ਪਹਿਲੀ ਫਰਵਰੀ 2022 ਤੋਂ 30 ਨਵੰਬਰ 2022 ਤੱਕ ਸਫ਼ਾਈ ਲਈ ਕੀਤੇ ਕੰਮਾਂ ਨੂੰ ਨਿਗਮ ਦੀ ਈ-ਮੇਲ ’ਤੇ ਭੇਜ ਕੇ ਸਫ਼ਾਈ ਮੁਕਾਬਲਿਆਂ ਦਾ ਹਿੱਸਾ ਬਣਿਆ ਜਾ ਸਕਦਾ ਹੈ।