ਪੱਤਰ ਪ੍ਰੇਰਕ
ਦੇਵੀਗੜ੍ਹ, 2 ਦਸੰਬਰ
ਪਟਿਆਲਾ ਤੋਂ ਪਹੇਵਾ ਰਾਜ ਮਾਰਗ ਰਾਹਗੀਰਾਂ ਲਈ ਦੁਵਿਧਾ ਮਾਰਗ ਬਣਿਆ ਹੋਇਆ ਹੈ, ਜਿਸ ਵਿੱਚ ਰੌਹੜ ਜਾਗੀਰ ਤੋਂ ਅੱਗੇ ਡੂੰਘੇ-ਡੂੰਘੇ ਟੋਏ ਪੈ ਗਏ ਹਨ, ਜਿਸ ਕਾਰਨ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਨਿਰਮਾਣ ਮਹਿਕਮਾ ਵੀ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਿਹਾ।
ਜਦੋਂ ਕਿ ਬਾਰਡਰ ਦੇ ਪਾਰ ਹਰਿਆਣੇ ਦੀ ਹਦੂਦ ਅੰਦਰ ਸੜਕ ਬਹੁਤ ਵਧੀਆ ਹੈ ਅਤੇ ਜੇਕਰ ਕਿਤਿਓਂ ਟੁੱਟਦੀ ਹੈ ਤਾਂ ਸਬੰਧਤ ਵਿਭਾਗ ਉੱਥੇ ਪੈੱਚ ਲਗਾ ਦਿੰਦਾ ਹੈ ਦੂਜੇ ਪਾਸੇ ਹਲਕਾ ਸਨੌਰ ਦੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਪਟਿਆਲਾ-ਪਹੇਵਾ ਰਾਜ ਮਾਰਗ ਨੂੰ ਪਿੰਡ ਮੀਰਾਂਪੁਰ ਤੋਂ ਲੈ ਕੇ ਹਰਿਆਣਾ ਬਾਰਡਰ ਤੱਕ ਦੀਵਾਲੀ ਤੋਂ ਬਾਅਦ 37 ਕਰੋੜ ਦੀ ਲਾਗਤ ਨਾਲ ਨਵਾਂ ਬਣਾਇਆ ਜਾਵੇਗਾ ਪਰ ਇੱਕ ਮਹੀਨਾ ਬੀਤ ਜਾਣ ’ਤੇ ਵੀ ਇਸ ਸੜਕ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਤਰ੍ਹਾਂ ਹੀ ਸਨੌਰ ਰੋਡ ’ਤੇ ਬਾਈਪਾਸ ਵਿੱਚੋਂ ਸਨੌਰ ਨੂੰ ਰਸਤਾ ਬਣਾਉਣ ਦਾ ਕੰਮ ਵੀ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ, ਜਿਸ ਕਾਰਨ ਹਲਕੇ ਦੇ ਲੋਕਾਂ ਵਿੱਚ ਇਹ ਸ਼ੰਕੇ ਪਾਏ ਜਾ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਗਈਆਂ ਹਨ ਪਤਾ ਨਹੀਂ ਇਹ ਕੰਮ ਸ਼ੁਰੂ ਹੋਣਗੇ ਕਿ ਨਹੀਂ। ਦੂਜੇ ਪਾਸੇ ਕਿਨਾਰਿਆਂ ਤੋਂ ਸੜਕ ਬੈਠਣੀ ਵੀ ਸ਼ੁਰੂ ਹੋ ਗਈ ਹੈ ਜਿੱਥੇ ਵੱਡੇ-ਵੱਡੇ ਮੋਘੇ ਪੈ ਗਏ ਹਨ। ਇਲਾਕਾ ਨਿਵਾਸੀਆਂ ਨੇ ਜਲਦ ਤੋਂ ਜਲਦ ਇਸ ਸੜਕ ਦੇ ਨਿਰਮਾਣ ਦੀ ਮੰਗ ਕੀਤੀ ਹੈ।