ਖੇਤਰੀ ਪ੍ਰਤੀਨਿਧ
ਪਟਿਆਲਾ, 23 ਸਤੰਬਰ
ਐੱਸਐੱਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਪਟਿਆਲਾ ਪੁਲੀਸ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਨੇਕ ਕਾਰਜ ਲਈ ਕੱਢਣ ਦਾ ਫ਼ੈਸਲਾ ਕੀਤਾ ਹੈ। ਇਹ ਰਕਮ ‘ਏਕਤਾ ਫੰਡ’ ਵਿਚ ਜਾਵੇਗੀ। ਪੁਲੀਸ ਮੁਖੀ ਦਾ ਕਹਿਣਾ ਸੀ ਇਹ ਫੰਡ ਕਿ ਕਰੋਨਾ ਨਾਲ ਲੜਦਿਆਂ ਆਪਣੀ ਜਾਨ ਗਵਾਉਣ ਵਾਲੇ ਕਰੋਨਾ ਯੋਧਿਆਂ ਦੇ ਪਰਿਵਾਰਾਂ ਦੀ ਮਦਦ ਲਈ ਇਕੱਤਰ ਕੀਤਾ ਜਾਵੇਗਾ। ਪੁਲੀਸ ਮੁਖੀ ਨੇ ਦੱਸਿਆ ਕਿ ਇਹ ਫ਼ੈਸਲਾ ਪਟਿਆਲਾ ਪੁਲੀਸ ਦੇ 4000 ਜਵਾਨਾਂ ਅਤੇ ਅਧਿਕਾਰੀਆਂ ਵੱਲੋਂ ਸਰਬਸੰਮਤੀ ਨਾਲ਼ ਪਾਸ ਕੀਤੇ ਗਏ ਮਤੇ ਮੁਤਾਬਕ ਕੀਤਾ ਗਿਆ ਹੈ। ਇਸ ਤਹਿਤ ਏਕਤਾ ਫੰਡ ਵਿਚ 10 ਲੱਖ ਰੁਪਏ ਦੀ ਸਹਾਇਤਾ ਰਕਮ ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਸੌਂਪੀ ਜਾਵੇਗੀ। ਸ੍ਰੀ ਦੁੱਗਲ ਨੇ ਕਿਹਾ ਕਿ ਪਟਿਆਲਾ ਪੁਲੀਸ ਆਪਣੇ ਬਹਾਦਰ ਜਵਾਨਾਂ ਦੇ ਹਰ ਦੁੱਖ-ਸੁੱਖ ’ਚ ਸਦਾ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ। ਗੌਰਤਲਬ ਹੈ ਕਿ ਸ੍ਰੀ ਦੁੱਗਲ ਕਰੋਨਾ ਦੌਰਾਨ ਪੁਲੀਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ’ਤੇ ਛੁੱਟੀ ਦੀ ਵਿਵਸਥਾ ਵੀ ਯਕੀਨੀ ਬਣਾ ਚੁੱਕੇ ਹਨ। ਫਰੰਟ ਲਾਈਨ ’ਤੇ ਜੂਝ ਰਹੀ ਪੁਲੀਸ ਪ੍ਰਤੀ ਸਮੇਂ-ਸਮੇਂ ’ਤੇ ਹੋਰ ਵੀ ਸੰਜੀਦਗੀ ਭਰੇ ਕਦਮ ਪੁੱਟ ਰਹੇ ਹਨ।