ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜੁਲਾਈ
ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਤਨਖਾਹ ਕਮਿਸ਼ਨ ਨੂੰ ਮੁਲਾਜ਼ਮ ਹਿੱਤਾਂ ਅਨੁਸਾਰੀ ਕਰਵਾਉਣ, ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਤਨਖਾਹ ਕਾਨੂੰਨ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਨਵੇਂ ਭਰਤੀ ਹੋ ਰਹੇ ਮੁਲਾਜ਼ਮਾਂ ਤੇ ਕੇਂਦਰੀ ਸਕੇਲ ਦੀ ਬਜਾਏ ਮੁੜ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ ਸਮੇਤ ਹੋਰ ਭਖਦੀਆਂ ਮੰਗਾਂ ਲਈ ਸਰਹਿੰਦ ਰੋਡ ‘ਤੇ ਸਥਿਤ ਦਾਣਾ ਮੰਡੀ ਵਿਖੇ ਵੀਰਵਾਰ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਪੰਜਾਬ ਪੱਧਰੀ ਇਸ ਰੈਲੀ ਵਿਚ ਕਿਉਂਕਿ ਮਲਾਜ਼ਮ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਣਗੇ, ਜਿਸ ਕਾਰਨ ਅੱਜ ਸਥਾਨਕ ਪੁਲੀਸ ਅਧਿਕਾਰੀਆਂ ਵੱਲੋਂ ਇਸ ਰੈਲੀ ਦੇ ਆਗੂ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਵਾਹਨਾਂ ਸਬੰਧੀ ਰੂਟ ਅਤੇ ਪਾਰਕਿੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਐੱਸਪੀ ਸਿਟੀ ਵਰੁਣ ਸ਼ਰਮਾ, ਡੀਐੱਸਪੀ ਯੋਗੇਸ਼ ਸ਼ਰਮਾ ਅਤੇ ਸੌਰਵ ਜਿੰਦਲ ਸਮੇਤ ਥਾਣਾ ਮੁਖੀ ਹਰਜਿੰਦਰ ਢਿੱਲੋਂ, ਹੈਰੀ ਬੋਪਾਰਾਏ ਰਾਉਣੀ ਸਿੰਘ ਤੇ ਕਈ ਹੋਰ ਥਾਣਾ ਮੁਖੀ ਵੀ ਮੌਜੂਦ ਸਨ। ਇਸ ਮੌਕੇ ਮੁਲਾਜ਼ਮ ਆਗੂਆਂ ਦਰਸ਼ਨ ਲੁਬਾਣਾ, ਗੁਰਮੀਤ ਵਾਲੀਆ, ਦਰਸ਼ਨ ਬੇਲੂਮਾਜਰਾ, ਹਰਦੀਪ ਟੋਡਰਪੁਰ, ਅਮਰ ਬਹਾਦਰ ਬਾਠ, ਖੁਸ਼ਿਵੰਦਰ ਕਪਿਲਾ, ਬਚਿੱਤਰ ਸਿੰਘ, ਜਗਜੀਤ ਦੂਆ, ਗੁਰਦੀਪ ਵਾਲੀਆ, ਜਗਮੋਹਨ ਨੋਲੱਖਾ, ਜਸਵੀਰ ਖੋਖਰ ਹਾਜ਼ਰ ਸਨ।
ਮੁਲਾਜ਼ਮ ਆਗੂਆਂ ਨੇ ਆਖਿਆ ਕਿ ਮੁਲਾਜ਼ਮਾਂ ਦੁਆਰਾ ਕੀਤੀ ਜਾ ਰਹੀ ਇਸ ਹੱਲਾ ਬੋਲ ਰੈਲੀ ਰਾਹੀਂ ਕੈਪਟਨ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ ਜਾਵੇਗੀ। ਇਸ ਰੈਲੀ ਵਿੱਚ ਭਾਰੀ ਮੀੰਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਛੱਤਰੀਆਂ ਲੈ ਕੇ ਅਤੇ ਰੇਨਕੋਟ ਲੈ ਕੇ ਸ਼ਮੂਲੀਅਤ ਕਰਨਗੇ।