ਪੱਤਰ ਪ੍ਰੇਰਕ
ਪਟਿਆਲਾ, 24 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਧਿਆਨ ਸਿੰਘ ਭਾਨਰੀ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਹਲਕਾ ਸਨੌਰ ਦੀ ਫ਼ਿਕਰ ਕਰਨ ਦੇ ਨਾਲ ਨਾਲ ਆਪਣੇ ਹਲਕੇ ਸਮਾਣਾ ਵਿੱਚੋਂ ਲੰਘਦੀ ਪਟਿਆਲਾ ਨਦੀ ਵੱਲ ਝਾਤ ਪਾਉਣ ਦੀ ਗੁਹਾਰ ਲਗਾਈ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤੀ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡ ਸੂਲਰ ਤੋਂ ਲੈ ਕੇ ਮੈਣ, ਕਲਭੈਣੀ, ਖੇੜਾ ਜੱਟਾ, ਭਾਨਰੀ, ਤਰੈਂ, ਡਰੋਲਾ, ਡਰੋਲੀ, ਤੁਲੇਵਾਲ, ਚਤੈਹਰਾ, ਦੁਲੜ, ਮਵੀ, ਧਨੌਰੀ ਆਦਿ ਦਰਜਨ ਤੋਂ ਵੱਧ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਤਾਂ ਇਨ੍ਹਾਂ ਪਿੰਡਾਂ ਦੇ ਸੈਂਕੜੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਪਰ ਹਲਕਾ ਸਮਾਣਾ ਤੋਂ ਜਿੱਤ ਕੇ ਹੁਣ ਕੈਬਨਿਟ ਮੰਤਰੀ ਬਣੇ ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਸਾਰ ਲੈਣੀ ਕੋਈ ਜ਼ਰੂਰੀ ਨਹੀਂ ਸਮਝੀ।
ਭਾਨਰੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਟਿਆਲਾ ਨਦੀ ਦੀ ਨਿਸ਼ਾਨਦੇਹੀ ਕਰਵਾ ਕੇ ਪੁਟਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬਹੁਤ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਬਰਸਾਤੀ ਸੀਜ਼ਨ ਤੋਂ ਪਹਿਲਾਂ ਪਟਿਆਲਾ ਨਦੀ ਦੀ ਸਫ਼ਾਈ ਲਈ ਟੈਂਡਰ ਨਹੀਂ ਕੀਤੇ ਗਏ, ਜਦੋਂ ਕਿ ਹਲਕਾ ਸਮਾਣਾ ਦੇ ਵਿਧਾਇਕ ਕੋਲ ਖ਼ੁਦ ਜਲ ਸਰੋਤ ਵਿਭਾਗ ਹੈ।