ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਨਵੰਬਰ
ਪਟਿਆਲਾ ਦਿਹਾਤੀ ਵਿੱਚ ਟਕਸਾਲੀ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਲਈ ਵੱਡੀ ਚੁਣੌਤੀ ਬਣ ਕੇ ਉੱਭਰੇ ਸੰਜੀਵ ਸ਼ਰਮਾ ਕਾਲੂ ਪਟਿਆਲਾ ਦੀ ਸਿਆਸਤ ਵਿਚ ਕਾਫ਼ੀ ਚਰਚਾ ’ਚ ਹਨ। ਸੰਜੀਵ ਪਟਿਆਲਾ ਜ਼ਿਲ੍ਹੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਵੀ ਹੈ। ਅੱਜ ਉਸ ਦੀ ਪਟਿਆਲਾ ਦਿਹਾਤੀ ’ਚ ਕਾਫ਼ੀ ਚਰਚਾ ਹੈ ਅਤੇ ਉਹ ਆਪਣਾ ਧੜਾ ਕਾਇਮ ਕਰਨ ’ਚ ਕਾਮਯਾਬ ਹੋਇਆ ਹੈ। ਦੂਜੇ ਪਾਸੇ ਮੋਹਿਤ ਮਹਿੰਦਰਾ ਪੰਜਾਬ ਦਾ ਯੂਥ ਕਾਂਗਰਸ ਦਾ ਪ੍ਰਧਾਨ ਵੀ ਹੈ।
ਬ੍ਰਹਮ ਮਹਿੰਦਰਾ ਪਹਿਲਾਂ ਪਟਿਆਲਾ ਸ਼ਹਿਰ ਤੋਂ ਚੋਣ ਲੜਦੇ ਹੁੰਦੇ ਸਨ ਪਰ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਉਨ੍ਹਾਂ ਨੂੰ ਸਮਾਣਾ ਤੋਂ ਚੋਣ ਲੜਾਈ ਗਈ ਸੀ। ਉਹ ਸਮਾਣਾ ਤੋਂ ਵੀ ਚੋਣ ਜਿੱਤ ਕੇ ਵਿਧਾਇਕ ਬਣੇ ਜਦੋਂ ਨਵੀਂ ਹਲਕਾਬੰਦੀ ਬਣੀ ਤਾਂ ਪਟਿਆਲਾ ਦਿਹਾਤੀ ਤੋਂ ਵੀ ਬ੍ਰਹਮ ਮਹਿੰਦਰਾ ਜਿੱਤ ਦੇ ਰਹੇ ਪਰ ਹੁਣ ਉਨ੍ਹਾਂ ਨੇ ਆਪਣੇ ਪੁੱਤਰ ਮੋਹਿਤ ਮਹਿੰਦਰਾ ਨੂੰ ਰਾਜਨੀਤੀ ਵਿੱਚ ਪ੍ਰਵੇਸ਼ ਕਰਵਾ ਦਿੱਤਾ ਹੈ ਅਤੇ ਖੁਦ ਰਾਜਨੀਤੀ ਤੋਂ ਲਗਪਗ ਪਾਸੇ ਹੋ ਗਏ ਹਨ। ਜਦੋਂ ਤੋਂ ਬ੍ਰਹਮ ਮਹਿੰਦਰਾ ਨੂੰ ਇਸ ਗੱਲ ਦਾ ਇਲਮ ਹੋਇਆ ਹੈ ਕਿ ਉਸ ਦੇ ਪੁੱਤਰ ਅੱਗੇ ਸੰਜੀਵ ਸ਼ਰਮਾ ਕਾਲੂ ਵੱਡੀ ਚੁਣੌਤੀ ਹੈ ਤਾਂ ਉਹ ਵੀ ਚਿੰਤਾ ’ਚ ਹਨ ਪਰ ਮੋਹਿਤ ਮਹਿੰਦਰਾ ਇਸ ਨੂੰ ਕੋਈ ਵੱਡੀ ਚੁਣੌਤੀ ਨਹੀਂ ਮੰਨਦਾ। ਜੇਕਰ ਦੇਖਿਆ ਜਾਵੇ ਤਾਂ ਸੰਜੀਵ ਸ਼ਰਮਾ ਕਾਲੂ ਪਟਿਆਲਾ ਦਿਹਾਤੀ ’ਚੋਂ ਕੁੱਲ 27 ਕੌਂਸਲਰਾਂ ’ਚੋਂ ਆਪਣੇ ਨਾਲ 10 ਕੌਂਸਲਰ ਹੋਣ ਦਾ ਦਾਅਵਾ ਕਰਦਾ ਹੈ ਅਤੇ 60 ਪਿੰਡਾਂ ’ਚੋਂ ਉਹ 31 ਪਿੰਡਾਂ ਦੇ ਸਰਪੰਚ (ਹੁਣ ਸਾਬਕਾ) ਆਪਣੇ ਨਾਲ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਇਸ ਦੀ ਸੂਚੀ ਉਸ ਨੇ ਸਰਪੰਚਾਂ ਦੇ ਦਸਤਖਤਾਂ ਸਮੇਤ ਜਾਰੀ ਕੀਤੀ ਸੀ। ਇਸ ਦਾਅਵੇ ਨੂੰ ਮੋਹਿਤ ਮਹਿੰਦਰਾ ਨਕਾਰਦੇ ਹਨ। ਮੋਹਿਤ ਮਹਿੰਦਰਾ ਦੀਆਂ ਸਰਗਰਮੀਆਂ ਵੀ ਹਲਕੇ ਵਿਚ ਕਾਫ਼ੀ ਘੱਟ ਦੇਖੀਆਂ ਜਾ ਸਕਦੀਆਂ ਹਨ ਜਦਕਿ ਸੰਜੀਵ ਸ਼ਰਮਾ ਹਰ ਮੁੱਦੇ ’ਤੇ ਸਰਗਰਮ ਹਨ। ਸੰਜੀਵ ਸ਼ਰਮਾ ਕਹਿੰਦੇ ਹਨ ਕਿ ਬ੍ਰਹਮ ਮਹਿੰਦਰਾ ਦਾ ਜੱਦੀ ਹਲਕਾ ਪਟਿਆਲਾ ਸ਼ਹਿਰੀ ਹੈ। ਉਨ੍ਹਾਂ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਉੱਥੋਂ ਟਿਕਟ ਦੀ ਮੰਗ ਕਰਨੀ ਚਾਹੀਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਦੇ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਪਟਿਆਲਾ ਸ਼ਹਿਰੀ ਸੀਟ ਕਾਂਗਰਸ ਲਈ ਖ਼ਾਲੀ ਹੋ ਗਈ ਹੈ ਪਰ ਮੋਹਿਤ ਮਹਿੰਦਰਾ ਪਟਿਆਲਾ ਦਿਹਾਤੀ ਲਈ ਹੀ ਜ਼ੋਰ ਅਜ਼ਮਾਈ ਕਰ ਰਹੇ ਹਨ। ਅੱਜ ਪਟਿਆਲਾ ਦਿਹਾਤੀ ’ਚ ਕਾਂਗਰਸ ਦੋ ਭਾਗਾਂ ਵਿਚ ਵੰਡੀ ਨਜ਼ਰ ਆ ਰਹੀ ਹੈ।